• Home
  • ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਤੋਂ ਭੜਕ ਉਠੇ ਸਿੱਖ -ਭਾਈਚਾਰੇ ਵਿਚ ਰੋਸ

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਤੋਂ ਭੜਕ ਉਠੇ ਸਿੱਖ -ਭਾਈਚਾਰੇ ਵਿਚ ਰੋਸ

ਨਵੀਂ ਦਿੱਲੀ, 1 ਮਈ : ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਰਾਸ਼ਟਰੀ ਰਾਜਧਾਨੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਤੋਂ ਭੜਕ ਉਠੇ ਹਨ। ਕੇਂਦਰ ਸਰਕਾਰ ਨੇ ਸੰਸਦ ਵਿਚ ਦੇਸ਼ ਨੂੰ ਭਰੋਸਾ ਦੁਆਇਆ ਸੀ ਕਿ ਦਿਆਲ ਸਿੰਘ ਕਾਲਜ ਦਾ ਨਾਮ ਕਦੇ ਨਹੀਂ ਬਦਲਿਆ ਜਾਵੇਗਾ ਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਬਤ ਲਿਖਤੀ ਭਰੋਸਾ ਵੀ ਦਿੱਤਾ ਸੀ।
ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਰਾ ਸਿੰਘ ਭਾਈਚਾਰਾ ਦਿਆਲ ਸਿੰਘ ਕਾਲਜ ਦੇ ਚੇਅਰਮੈਨ ਅਮਿਤਾਭ ਸਿਨਹਾ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਦੀਆਂ ਸਾਜ਼ਿਸ਼ਾਂ ਤੋਂ ਹੈਰਾਨ ਹਨ। ਇਹਨਾਂ ਦੋਹਾਂ ਨੇ ਇਕੱਠਿਆਂ ਸਾਜ਼ਿਸ਼ ਰਚ ਕੇ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇਮਾਤਰਮ ਦਿਆਲ ਸਿੰਘ ਕਾਲਜ ਰੱਖਿਆ ਹੈ। ਉਹਨਾਂ ਕਿਹਾ ਕਿ ਸਾਰਾ ਦੇਸ਼ ਵਿਸ਼ੇਸ਼ ਕਰ ਕੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ ਕਿਉਂਕਿ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਸੰਸਦ ਵਿਚ ਦੇਸ਼ ਨੂੰ ਭਰੋਸਾ ਦੁਆਇਆ ਸੀ ਕਿ ਇਹ ਨਾਮ ਕਦੇ ਬਦਲਿਆ ਨਹੀਂ ਜਾਵੇਗਾ।
ਉਹਨਾਂ ਕਿਹਾ ਕਿ ਸਿਨਹਾ ਤੇ ਤਿਆਗੀ ਦੀ ਜੋੜੀ ਦੀ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਸੀ ਕਿ ਉਹਨਾਂ ਨੂੰ ਕੇਂਦਰ ਸਰਕਾਰ ਦੇ ਭਰੋਸੇ ਦੀ ਕੋਈ ਪਰਵਾਹ ਨਹੀਂ ਤੇ ਉਹਨਾਂ ਆਪਣੀ ਹਊਮੈ ਦੀ ਸੰਤੁਸ਼ਟੀ ਵਾਸਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਉਹਨਾਂ ਮੰਗ ਕੀਤੀ ਕਿ ਸਿਨਹਾ ਤੇ ਤਿਆਗੀ ਨੂੰ ਤੁਰੰਤ ਬਰਖ਼ਾਸਤ ਕੀਤਾਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨਾ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਦਿੱਤਾ ਭਰੋਸਾ ਤੋੜਿਆ ਹੈ ਬਲਕਿ ਉਸ ਵੇਲੇ ਘੱਟ ਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਭਰੋਸਾ ਦੁਆ ਰਹੇ ਹਨ ਕਿ ਕੇਂਦਰ ਸਰਕਾਰ ਹਰ ਭਾਈਚਾਰੇ ਨੂੰ ਨਾਲ ਲੈਕੇ ਚੱਲੇਗੀ ਤੇ 'ਸਭਕਾ ਸਾਥ ਤੇ ਸਭਕਾ ਵਿਕਾਸ' ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਦੀ ਕਾਰਵਾਈ ਤੋਂ ਅਜਿਹਾ ਜਾਪਦਾ ਹੈ ਕਿ ਇਹਨਾਂ ਦੋਵਾਂ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਦੀਆਂ ਉਹਨਾਂ ਅਪੀਲਾਂ ਦੀ ਵੀ ਕੋਈ ਪਰਵਾਹ ਨਹੀਂ ਉਹਨਾਂ ਵਿਚ ਉਹ ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖਣ ਦੀ ਨਸੀਹਤ ਦੇ ਰਹੇ ਹਨ ਪਰ ਸਿਨਹਾ ਤੇ ਤਿਆਗੀ ਨੇ ਆਪਣੀਆਂ ਕਾਰਵਾਈਆਂ ਨਾ ਸਾਬਤ ਕਰ ਦਿੱਤਾ ਹੈ ਕਿ ਇਹ ਤਾਂ ਬੇਲਗਾਮ ਹਨ।
ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖ ਭਾਈਚਾਰੇ ਕੋਲ ਹੁਣ ਕੋਈ ਵਿਕਲਪ ਨਹੀਂ ਰਹਿ ਗਿਆ ਤੇ ਹੁਣ ਉਹ ਦਿਆਲ ਸਿੰਘ ਦੇ ਵਿਰਸੇ ਨੂੰ ਬਚਾਉਣ ਵਾਸਤੇ ਲੋੜੀਂਦਾ ਹਰ ਕਦਮ ਚੁੱਕੇਗਾ ਭਾਵੇਂ ਉਹ ਕਾਨੂੰਨ ਦੇ ਦਾਇਰੇ ਵਿਚ ਹੋਵੇ ਜਾਂ ਫਿਰ ਕਾਨੂੰਨ ਤੋਂ ਬਾਹਰ ਹੋਵੇ। ਉਹਨਾਂ ਕਿਹਾ ਕਿ ਹੁਣ ਜਦੋਂ ਸਿਨਹਾ ਤੇ ਤਿਆਗੀ ਵਰਗਿਆਂ ਦਾ ਲੁਕਵਾਂ ਏਜੰਡਾ ਸਾਹਮਣੇ ਆ ਰਿਹਾ ਹੈ ਤਾਂ ਸਿੱਖ ਭਾਈਚਾਰੇ ਨੂੰ ਆਪਣੇ ਵਿਰਸੇ ਨੂੰ ਬਚਾਉਣ ਹਰ ਲੋੜੀਂਦਾ ਕਦਮ ਚੁੱਕਣਾ ਹੀ ਪਵੇਗਾ।