• Home
  • ਥਾਣੇ ਚ ਹੌਲਦਾਰ ਨੇ ਆਪਣੇ ਆਪ ਨੂੰ ਮਾਰੀ ਗੋਲੀ-ਡੀਐੱਸਪੀ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ

ਥਾਣੇ ਚ ਹੌਲਦਾਰ ਨੇ ਆਪਣੇ ਆਪ ਨੂੰ ਮਾਰੀ ਗੋਲੀ-ਡੀਐੱਸਪੀ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ

ਲੁਧਿਆਣਾ 24 ਮਈ (ਖ਼ਬਰ ਵਾਲੇ ਬਿਊਰੋ )
ਪੰਜਾਬ ਪੁਲਸ ਦੇ ਹੇਠਲੇ ਪੱਧਰ ਤੇ ਡਿਊਟੀ ਨਾਲੋਂ ਵੱਧ ਕਈ -ਕਈ ਘੰਟੇ ਸਰਕਾਰਾਂ ਮੁਲਾਜ਼ਮਾਂ ਤੋਂ ਡਿਊਟੀ ਲੈਂਦੀਆਂ ਹਨ ,ਜਿਸ ਕਾਰਨ ਮੁਲਾਜ਼ਮ ਜਿੱਥੇ ਡਿਊਟੀ ਦੇ ਬੋਝ ਥੱਲੇ ਦੱਬਿਆ ਰਹਿੰਦਾ ਹੈ ,ਉੱਥੇ ਆਪਣੇ ਪਰਿਵਾਰਾਂ ਦੇ ਕੰਮਾਂ ਕਾਰਾਂ ਵਿੱਚ ਸਮਾਂ ਨਾ ਦੇਣ ਕਾਰਨ ਮਾਨਸਿਕ ਤਣਾਓ ਵਿੱਚ ਵੀ ਹੋ ਜਾਂਦਾ ਹੈ ਤੇ ਕਈ ਵਾਰ ਤਣਾਅ ਚ ਮੁਲਾਜ਼ਮ ਖ਼ੁਦਕੁਸ਼ੀ ਦੇ ਰਾਹ ਵੱਲ ਤੁਰਨ ਦਾ ਵੀ ਕਦਮ ਪੁੱਟ ਲੈਂਦੇ ਹਨ ।ਅਜਿਹੀ ਘਟਨਾ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ )ਦੇ ਅਧੀਨ ਆਉਂਦੇ ਥਾਣਾ ਸਿਟੀ ਰਾਏਕੋਟ ਵਿਖੇ ਵਾਪਰੀ ਜਿੱਥੇ ਇੱਕ ਹੌਲਦਾਰ ਨੇ ਆਪਣੇ ਸਰਕਾਰੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ।
ਆਪਣੇ ਆਪ ਨੂੰ ਗੋਲੀ ਮਾਰਨ ਵਾਲਾ ਪੁਲਸ ਮੁਲਾਜ਼ਮ ਬਲਜਿੰਦਰ ਸਿੰਘ ਹੌਲਦਾਰ ਜੋ ਕਿ ਪਿੰਡ ਬੜੂੰਦੀ ਦਾ ਵਸਨੀਕ ਹੈ ।ਉਸ ਦੀ ਡਿਊਟੀ ਥਾਣਾ ਸਿਟੀ ਰਾਏਕੋਟ ਵਿੱਚ ਸੀ ।ਗੋਲੀ ਚੱਲਣ ਦੀ ਆਵਾਜ਼ ਦਾ ਜਦੋਂ ਪਤਾ ਲੱਗਾ ਤਾਂ ਥਾਣੇ ਚ ਹਫੜਾ ਦਫੜੀ ਮਚ ਗਈ ।
ਗੰਭੀਰ ਰੂਪ ਵਿੱਚ ਜ਼ਖ਼ਮੀ ਬਲਜਿੰਦਰ ਸਿੰਘ ਨੂੰ ਰਾਏਕੋਟ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਉਸ ਨੇ ਗੋਲੀ ਮਾਰਨ ਤੋਂ ਪਹਿਲਾਂ ਥਾਣੇ ਦੇ ਪਿੱਛੇ ਜਾ ਕੇ ਗੋਲੀ ਮਾਰਨ ਤੋਂ ਪਹਿਲਾਂ ਇੱਕ ਖੁਦਕੁਸ਼ੀ ਨੋਟ ਵੀ ਲਿਖਿਆ ਸੀ ਜਿਸ ਨੂੰ ਮੌਕੇ ਤੇ ਪੁੱਜੇ ਰਾਏਕੋਟ ਦੇ ਕਾਰਜਕਾਰੀ ਡੀਐੱਸਪੀ ਅਮਨਦੀਪ ਸਿੰਘ ਬਰਾੜ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਬਲਜਿੰਦਰ ਸਿੰਘ ਦਾ ਆਪਣੇ ਪਿੰਡ ਜ਼ਮੀਨੀ ਵਿਵਾਦ ਚੱਲਦਾ ਸੀ ਜਿਸ ਕਾਰਨ ਉਹ ਤਣਾਅ ਚ ਰਹਿੰਦਾ ਸੀ ।