• Home
  •  ਡਿਪਟੀ ਸਕੱਤਰ ਵਲੋਂ ਔਰਤ ਨਾਲ ਕੀਤੀ ਜਾਂਦੀ ਛੇੜਖਾਨੀ ਦਾ ਲਿਆ ਨੋਟਿਸ, ਚਾਰਜ ਵਾਪਸ ਲੈਣ ਦਾ ਕੀਤਾ ਫੈਸਲਾ

 ਡਿਪਟੀ ਸਕੱਤਰ ਵਲੋਂ ਔਰਤ ਨਾਲ ਕੀਤੀ ਜਾਂਦੀ ਛੇੜਖਾਨੀ ਦਾ ਲਿਆ ਨੋਟਿਸ, ਚਾਰਜ ਵਾਪਸ ਲੈਣ ਦਾ ਕੀਤਾ ਫੈਸਲਾ

ਚੰਡੀਗੜ੍ਹ- (ਖਬਰ ਵਾਲੇ ਬਿਊਰੋ) ਸਰਕਾਰੀ ਵਿਭਾਗ ਦੇ ਇਕ ਦਫਤਰ ਦੇ ਅਧਿਕਾਰੀ ਵਲੋਂ ਮਹਿਲਾ ਮੁਲਾਜ਼ਮ ਨਾਲ ਛਾੜਖਾਨੀ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਲੋਕ ਪਾਲ ਦਫਤਰ ਦੇ ਇੱਕ ਅਧਿਕਾਰੀ ਔਰਤ ਮੁਲਾਜ਼ਮ ਨਾਲ ਹਮੇਸ਼ਾ ਹੀ ਮੌਕੇ ਵੇਖ ਕੇ ਛੇੜਖਾਨੀ ਕਰਦਾ ਆ ਰਿਹਾ ਸੀ ਇਸ ਮਾਮਲੇ ਦੀ ਸ਼ਿਕਾਇਤ ਜਦੋਂ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਕੋਲ ਕੀਤੀ ਗਈ ਤਾਂ ਵਿਭਾਗ ਨੇ ਕਾਰਵਾਈ ਕਰਦੇ ਹੋਏ ਅਧਿਕਾਰੀ ਕੋਲੋਂ ਚਾਰਜ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਔਰਤ ਮੁਲਾਜ਼ਮ ਨੇ ਲੋਕਪਾਲ ਪੰਜਾਬ ਦੇ ਰਜਿਸਟਰਾਰ ਨੂੰ ਇਕ ਸ਼ਿਕਾਇਤ ਕੀਤੀ ਹੈ ਕਿ ਲੋਕ ਪਾਲ ਦਫਤਰ ਦਾ ਡਿਪਟੀ ਸਕੱਤਰ ਮੰਦਭਾਵਨਾ ਨਾਲ ਉਸ ਨੂੰ ਤੰਗ ਕਰਦਾ ਆ ਰਿਹਾ ਹੈ। ਉਸ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਇਸ ਸਬੰਧੀ ਉਸ ਨੇ ਸਾਲ 2016 ਵਿਚ ਵੀ ਸ਼ਿਕਾਇਤ ਕੀਤੀ ਸੀ ਪਰ ਇਸ ਅਧਿਕਾਰੀ ਨੇ ਆਪਣੇ ਅਸਰ ਰਸੂਖ ਨਾਲ ਮਾਮਲੇ ਨੂੰ ਦਬਾ ਲਿਆ ਸੀ। ਉਸ ਨੇ ਕਿਹਾ ਕਿ ਉਸ ਨੇ ਜਦੋਂ ਦੁਆਰਾ ਲੋਕ ਪਾਲ ਦਫਤਰ ਵਿਚ ਮੁੜ ਜੁਆਇਨ ਕੀਤਾ ਤਾਂ ਇਸ ਅਧਿਕਾਰੀ ਨੇ ਆਪਣੇ ਕਮਰੇ ਵਿਚ ਬੁਲਾ ਕੇ ਕਹਿ ਦਿਤਾ ਸੀ ਕਿ ਉਹ ਹੁਣ ਉਸ ਨੂੰ ਸਬਕ ਸਿਖਾ ਹੀ ਰਹੇਗਾ। ਔਰਤ ਮੁਲਾਜ਼ਮ ਨੇ ਆਪਣੀ ਸਿਕਾਇਤ ਵਿਚ ਦੋਸ਼ ਲਾਇਆ ਹੈ ਕਿ ਇਸ ਅਧਿਕਾਰੀ ਵਲੋਂ ਜੋ ਵਿਹਾਰ ਕੀਤਾ ਜਾ ਰਿਹਾ ਹੈ,ਉਸ ਨੂੰ ਲਿਖ ਕੇ ਬਿਆਨ  ਨਹੀਂ ਕੀਤਾ ਜਾ ਸਕਦਾ। ਇਸ ਲਈ ਉਹ ਉਚਿਤ ਮਾਹੌਲ ਵਿਚ ਹੀ ਦੱਸ ਸਕਦੀ ਹੈ। ਉਸ ਨੇ ਕਿਹਾ ਕਿ ਉਹ ਜਦੋਂ ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗ ਵਿਚ ਸੀ ਤਾਂ ਉਸ ਸਮੇਂ ਵੀ ਇਸ ਅਧਿਕਾਰੀ ਨੇ ਮਾੜਾ ਵਰਤਾਅ ਕੀਤਾ ਸੀ। ਉਸ ਦੇ ਖਿਲਾਫ ਝੂਠੀਆਂ ਰਿਪੋਰਟਾਂ ਕਰਕੇ ਰਿਕਾਰਡ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।ਔਰਤ ਮੁਲਾਜ਼ਮ ਦਾ ਕਹਿਣਾ ਹੈ ਕਿ ਉਹ ਪ੍ਰਿਟਿੰਗ ਤੇ ਸਟੇਸ਼ਨਰੀ ਵਿਭਾਗ ਤੋਂ ਬਦਲ ਕੇ ਕਿਸੇ ਹੋਰ ਵਿਭਾਗ ਵਿਚ ਚਲੀ ਗਈ ਤਾਂ ਇਸ ਅਧਿਕਾਰੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਪਿਛਲੇ ਸਮੇਂ ਮੁੜ ਲੋਕ ਪਾਲ ਪੰਜਾਬ ਵਿਚ ਆਉਣ ਤੋਂ ਬਾਅਦ ਇਸ ਨੇ ਹੋਰ ਤੰਗ ਕਰਨਾ ਸ਼ੁਰੂ ਕਰ ਦਿਤਾ ਹੈ ਤੇ ਇਸ ਕਰਕੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਦੇ ਬਾਵਜੂਦ ਇਸ ਔਰਤ ਨੇ ਇਸ ਅਧਿਕਾਰੀ ਸਾਹਮਣੇ ਝੁਕਣ ਦੀ ਬਜਾਏ ਟਾਕਰਾ ਕਰਨ ਦਾ ਫੈਸਲਾ ਕੀਤਾ ਹੈ ਤੇ ਸਾਰਾ ਮਾਮਲਾ ਰਜਿਸਟਰਾਰ ਦੇ ਧਿਆਨ ਵਿਚ ਲਿਆਂਦਾ ਹੈ। ਰਜਿਸਟਰਾਰ ਨੇ ਆਪਣੀ ਸਿਫਾਰਸ਼ ਵਿਚ ਕਿਹਾ ਹੈ ਕਿ ਡਿਪਟੀ ਸਕੱਤਰ ਕੋਲੋ ਲੋਕਪਾਲ ਪੰਜਾਬ ਦਾ ਵਾਧੁ ਚਾਰਜ ਵਾਪਸ ਲਿਆ ਜਾਵੇ ਤੇ ਇਸ ਦੀ ਥਾਂ ਕਿਸੇ ਹੋਰ ਅਧਿਕਾਰੀ ਨੂੰ ਜ਼ਿੰਮੇਵਾਰੀ ਦਿਤੀ ਜਾਵੇ। ਇਸ ਤੇ ਕਾਰਵਾਈ ਕਰਦਿਆ ਆਮ ਪ੍ਰਬੰਧ ਵਿਭਾਗ ਪੰਜਾਬ ਦੇ ਸਕੱਤਰ ਨੇ ਇਸ ਅਧਿਕਾਰੀ ਕੋਲੋ ਚਾਰਜ ਵਾਪਸ ਲੈ ਕੇ ਇਕ ਕਮੇਟੀ ਕਾਇਮ ਕਰਕੇ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਇਸ ਅਧਿਕਾਰੀ ਵਿਰੁਧ ਗੰਭੀਰ ਕਿਸਮ ਦੇ ਦੋਸ਼ ਹਨ ਤੇ ਇਸ ਲਈ ਕਮੇਟੀ ਕਾਇਮ ਕਰਕੇ ਜਾਂਚ ਕੀਤੀ ਜਾਵੇ।