• Home
  • ਡਾ: ਐੱਸ ਪੀ ਸਿੰਘ, ਇੰਦਰਜੀਤ ਕੌਰ ਸਿੱਧੂ ਤੇ ਸਹਿਜਪ੍ਰੀਤ ਮਾਂਗਟ ਦਾ ਕੈਨੇਡਾ ਚ ਸਨਮਾਨ

ਡਾ: ਐੱਸ ਪੀ ਸਿੰਘ, ਇੰਦਰਜੀਤ ਕੌਰ ਸਿੱਧੂ ਤੇ ਸਹਿਜਪ੍ਰੀਤ ਮਾਂਗਟ ਦਾ ਕੈਨੇਡਾ ਚ ਸਨਮਾਨ

ਪੰਜਾਬ ਭਵਨ ਸੱਰੀ(ਕੈਨੇਡਾ) -
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿੱਤ ਅਧਿਐਨ  ਨੂੰ ਯੂਨੀਵਰਸਟੀਆਂ ਚ ਸਿਲੇਬਸ ਦਾ ਹਿੱਸਾ ਬਣਾਉਣ ਵਾਲੇ ਡਾ: ਐੱਸ ਪੀ ਸਿੰਘ,ਕੈਨੇਡਾ ਵੱਸਦੀ ਉੱਘੀ ਲੇਖਿਕਾ ਇੰਦਰਜੀਤ ਕੌਰ ਸਿੱਧੂ ਤੇ ਪੰਜਾਬੀ ਕਵੀ ਸਹਿਜਪ੍ਰੀਤ ਸਿੰਘ ਮਾਂਗਟ ਮੀਤ ਪਰਧਾਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਪੰਜਾਬ ਭਵਨ ਸੱਰੀ(ਕੈਨੇਡਾ) ਚ ਵੈਨਕੁਵਰ ਵਿਚਾਰ ਮੰਚ ਤੇ ਪੰਜਾਬ ਭਵਨ ਸੱਰੀ ਵੱਲੋਂ ਬੀਤੀ ਸ਼ਾਮ ਸਨਮਾਨਿਤ ਕੀਤਾ ਗਿਆ।
ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਚ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਵੱਖਰੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ  ਦਾ ਨੀਂਹ ਪੱਥਰ ਨੇੜ ਭਵਿੱਖ ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿਤ੍ਰੈਮਾਸਿਕ ਖੋਜ ਪੱਤਰ ਪਰਵਾਸ ਨੂੰ ਵੀ ਮੁੜ ਨਵੀਂ ਵਿਉਂਤਕਾਰੀ ਨਾਲ ਆਰੰਭ ਕਰਨ  ਦੀ ਯੋਜਨਾ ਹੈ।
ਉਨ੍ਹਾਂ ਪੰਜਾਬ ਭਵਨ ਨਾਲ ਸਾਂਝ ਨੂੰ ਸ਼ਕਤੀ ਵਜੋਂ ਪਰਵਾਨਿਆ ਤੇ ਕਿਹਾ ਕਿ ਦੁਵੱਲੇ ਸਹਿਯੋਗ ਨੂੰ ਹੋਰ ਮਜਬੂਤ ਕੀਤਾ ਜਾਵੇਗਾ।
ਸਹਿਜਪ੍ਰੀਤ ਸਿੰਘ ਮਾਂਗਟ ਨੇ ਆਪਣੀ ਸਾਹਿੱਤਕ ਯਾਤਰਾ ਚ ਆਪਣੇ ਮਾਤਾ ਜੀ ਤੋਂ ਇਲਾਵਾ ਡਾ: ਦੀਪਕ ਮਨਮੋਹਨ, ਉਜਾਗਰ ਸਿੰਘ ਕੰਵਲ ਤੇ ਗੁਰਭਜਨ ਗਿੱਲ ਵੱਲੋਂ ਮਿਲੇ ਸਨੇਹ ਦਾ ਵਿਸ਼ੇਸ਼ ਜ਼ਿਕਰ ਕੀਤਾ।
ਇਸ ਮੌਕੇ ਸੁੱਖੀ ਬਾਠ, ਜਰਨੈਲ ਸਿੰਘ ਸੇਖਾ, ਮੰਗਾ ਬਾਸੀ,ਜਰਨੈਲ ਸਿੰਘ ਆਰਟਿਸਟ,ਡਾ: ਪਿਰਥੀਪਾਲ ਸਿੰਘ ਸੋਹੀ,ਮੋਹਨ ਗਿੱਲ,ਅੰਗਰੇਜ਼ ਬਰਾੜ,ਕ੍ਰਿਸ਼ਨ ਭਨੋਟ,ਹਰਚੰਦ ਸਿੰਘ ਬਾਗੜੀ ਦੰਪਤੀ,ਅਮਰੀਕ ਪਲਾਹੀ ,ਕਵਿੰਦਰ ਚਾਂਦ ਤੋਂ ਇਲਾਵਾ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ।
ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਮੇਰੇ ਪਿਤਾ ਜੀ ਸ: ਅਰਜਨ ਸਿੰਘ ਬਾਠ ਜੀ ਦੀ ਯਾਦ ਚ ਸਥਾਪਤ ਪੰਜਾਬ ਭਵਨ ਏਨੀ ਥੋੜੀ ਉਮਰ ਚ ਹੀ ਡੂੰਘੀਆਂ ਜੜ੍ਹਾਂ ਵਾਲਾ ਘਣਛਾਵਾਂ ਬਿਰਖ ਬਣ ਜਾਵੇਗਾ, ਮੈਂ ਕਦੇ ਨਹੀਂ ਸੀ ਸੋਚਿਆ। ਸਭ ਲੇਖਕਾਂ ਨੇ ਸਮਾਗਮ ਚ ਭਰਵੀਂ ਸ਼ਿਰਕਤ ਕੀਤੀ।
ਪੰਜਾਬੀ ਲੇਖਕ ਮੋਹਨ ਗਿੱਲ ਤੇ ਅੰਗਰੇਜ਼ ਬਰਾੜ ਨੇ ਸਭ ਮਹਿਮਾਨਾਂ ਤੇ ਸਥਾਨਕ ਲੇਖਕਾਂ ਦਾ ਸ਼ਮੂਲੀਅਤ ਲਈ ਧੰਨਵਾਦ ਕੀਤਾ।