• Home
  • ਡਰੋਲੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਨਾਂਹ,,ਦਲਿਤ ਸਮਾਜ ਵੱਲੋਂ ਸਕੂਲ ਅੱਗੇ ਧਰਨਾ ਦੇਣ ਦਾ ਐਲਾਨ

ਡਰੋਲੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਨਾਂਹ,,ਦਲਿਤ ਸਮਾਜ ਵੱਲੋਂ ਸਕੂਲ ਅੱਗੇ ਧਰਨਾ ਦੇਣ ਦਾ ਐਲਾਨ

ਮੋਗਾ, (ਖ਼ਬਰ ਵਾਲੇ ਬਿਊਰੋ ) – ਇਥੋਂ ਨੇੜਲੇ ਪਿੰਡ ਡਰੋਲੀ ਭਾਈ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕਥਿਤ ਤੌਰ ‘ਤੇ ਦੋ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਜਦਕਿ ਜਾਤੀ ਸੂਚਕ ਸ਼ਬਦ ਵਰਤਿਆਂ ਵਿਦਿਆਰਥੀਆਂ ਨੂੰ ਦਫਤਰੋਂ ਬਾਹਰ ਕੱਢ ਦਿੱਤਾ।
ਹਾਸਲ ਕੀਤੀ ਜਾਣਕਾਰੀ ਅਨੁਸਾਰ ਪਿੰਡ ਸੋਸਣ ਦੇ ਵਸਨੀਕ ਦੋ ਦਲਿਤ ਵਿਦਿਆਰਥੀ ਸੁੱਖਾ ਸਿੰਘ ਅਤੇ ਗੁਰਮੁੱਖ ਸਿੰਘ ਇਸੇ ਸਕੂਲ ਦੀ 10ਵੀਂ ਜਮਾਤ ਵਿੱਚੋਂ ਪਾਸ ਹੋਏ ਹਨ। ਗਰੀਬ ਪਰਿਵਾਰਾਂ ਤੋਂ ਹੋਣ ਕਰਕੇ ਉਹ ਮਜਦੂਰੀ ਕਰਕੇ ਆਪਣੇ ਪਰਿਵਾਰਾਂ ਦਾ ਹੱਥ ਵੀ ਵੰਡਾਉਂਦੇ ਹਨ। ਇਥੋਂ ਤੱਕ ਕੇ ਦਾਖਲੇ ਦੇ ਪੈਸੇ ਇਕੱਠ ਕਰਨ ਲਈ ਉਹਨਾਂ ਨੂੰ ਲੇਬਰ ਦਾ ਕੰਮ ਕਰਨਾ ਪਿਆ ਹੈ। ਜਦੋਂ ਇਹ ਦੋਵੇਂ ਗਿਆਰਵੀਂ ਜਮਾਤ ਵਿੱਚ ਆਪਣਾ ਨਾਂ ਦਾਖਲ ਕਰਵਾਉਣ ਲਈ ਸਕੂਲ ਗਏ ਤਾਂ ਸਕੂਲ ਦੇ ਅਧਿਆਪਕਾਂ ਨੇ ਨਾਂ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਆਪਣੇ ਮਾਪਿਆਂ ਨੂੰ ਲੈ ਕੇ ਪ੍ਰਿੰਸੀਪਲ ਨੂੰ ਮਿਲਣ ਦੀ ਗੱਲ ਆਖੀ। ਜਾਣਕਾਰੀ ਅਨੁਸਾਰ ਇਨ੍ਹਾਂ ‘ਚੋਂ ਇੱਕ ਵਿਦਿਆਰਥੀ ਦੇ ਪਿਤਾ ਸੁਰਗਵਾਸ ਹੋ ਚੁੱਕੇ ਹਨ ਜਦਕਿ ਦੂਸਰੇ ਬੱਚੇ ਦਾ ਪਿਤਾ ਮਜਦੂਰੀ ਕਰਨ ਗਿਆ ਹੋਇਆ ਸੀ। ਇਸ ‘ਤੇ ਪਿੰਡ ਦੇ ਸਮਾਜ ਸੇਵੀ ਰਛਪਾਲ ਸਿੰਘ ਦੋਹਾਂ ਬੱਚਿਆਂ ਨੂੰ ਲੈ ਕੇ ਪ੍ਰਿੰਸੀਪਲ ਨੂੰ ਮਿਲੇ ਤਾਂ ਸਮਾਜ ਸੇਵੀ ਦੀ ਹਾਜ਼ਰੀ ਵਿੱਚ ਹੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਪ੍ਰਤੀ ਜਾਤੀਸੂਚਕ ਸ਼ਬਦ ਬੋਲੇ ਤੇ ਦਫਤਰੋਂ ਬਾਹਰ ਕੱਢ ਦਿੱਤਾ। ਇਸ ‘ਤੇ ਸਮਾਜ ਸੇਵੀ ਨੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਗੁਰਦਰਸ਼ਨ ਸਿੰਘ ਬਰਾੜ ਨੂੰ ਬੱਚਿਆਂ ਨੂੰ ਦਾਖਲ ਕਰਵਾਉਣ ਦੀ ਬੇਨਤੀ ਕੀਤੀ। ਜਿਲ੍ਹਾ ਸਿੱਖਿਆ ਅਫਸਰ ਦੇ ਸਿਫਾਰਿਸ਼ ਕਰਨ ‘ਤੇ ਵੀ ਪ੍ਰਿੰਸੀਪਲ ਨੇ ਉਕਤ ਬੱਚਿਆਂ ਨੂੰ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ।
ਇਸ ਸਬੰਧੀ ਪਿੰਡ ਸੋਸਣ ਦੇ ਦਲਿਤ ਭਾਈਚਾਰੇ ਵੱਲੋਂ ਸਕੂਲ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਪ੍ਰਿੰਸੀਪਲ ਖਿਲਾਫ ਲਿਖਤੀ ਸ਼ਿਕਾਇਤ ਜਿਲ੍ਹਾ ਸਿੱਖਿਆ ਅਫਸਰ ਤੇ ਡੀ.ਜੀ.ਐਸ.ਈ. ਪੰਜਾਬ ਨੂੰ ਭੇਜਣ ਦਾ ਵੀ ਐਲਾਨ ਕੀਤਾ ਹੈ