• Home
  • ਠੇਕੇ ਉਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਨਵੇਂ ਸਿਰੇ ਤੋਂ ਬਿੱਲ ਕਰੇਗੀ ਪਾਸ

ਠੇਕੇ ਉਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਨਵੇਂ ਸਿਰੇ ਤੋਂ ਬਿੱਲ ਕਰੇਗੀ ਪਾਸ

ਚੰਡੀਗੜ੍ਹ -(ਖਬਰ ਵਾਲੇ ਬਿਊਰੋ) ਮੰਤਰੀਆਂ ਦੀ ਸਬ ਕਮੇਟੀ ਨੇ 27000 ਠੇਕਾ ਅਧਾਰਤ ਕਰਮਚਾਰੀਆਂ ਦੇ ਵਫ਼ਦ ਨੂੰ ਵਿਸ਼ਵਾਸ਼ ਦਿਵਾਇਆ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਨਵੇਂ ਸਿਰੇ ਤੋਂ ਬਿੱਲ ਪਾਸ ਕਰੇਗੀ। ਇਸ ਬਿੱਲ ਦਾ ਖਰੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ । ਮੁਲਾਜ਼ਮ ਆਗੂ ਅਸ਼ੀਸ਼ ਜੁਲਾਹਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਮੰਤਰੀਆਂ ਕੋਲ ਇਹ ਗੱਲ ਰੱਖੀ ਕਿ ਜੇਕਰ ਨਵਾਂ ਬਿੱਲ ਉਨ੍ਹਾਂ ਨੂੰ ਸਹੀ ਨਾ ਲੱਗਿਆ ਤਾਂ ਫਿਰ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ‘ਤੇ ਮੰਤਰੀਆਂ ਨੇ ਕਿਹਾ ਕਿ ਬਿੱਲ ਦੇ ਖਰੜੇ ‘ਤੇ ਚਰਚਾ ਕਰਨ ਲਈ ਉਨ੍ਹਾਂ ਨਾਲ ਜੂਨ ਮਹੀਨੇ ਵਿੱਚ ਫਿਰ ਤੋਂ ਮੀਟਿੰਗ ਕੀਤੀ ਜਾਵੇਗੀ ।ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਜ਼ਮ ਮਸਲਿਆਂ ਦੇ ਹੱਲ ਵਾਸਤੇ ਤਿੰਨ ਮੈਂਬਰੀ ਸਬ ਕਮੇਟੀ ਬਣਾਈ ਹੈ । ਜਿਸ ਵਿੱਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ  ਸਿੱਖਿਆ ਮੰਤਰੀ ਓਪੀ ਸੋਨੀ ਸ਼ਾਮਲ ਹਨ । ਇਨ੍ਹਾਂ ਮੰਤਰੀਆਂ ਨੇ ਦੱਸਿਆ ਕਿ ਜੋ ਅਕਾਲੀ ਭਾਜਪਾ ਗੱਠਜੋੜ ਦੀ ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਬਿੱਲ ਪਾਸ ਕੀਤਾ ਸੀ ਉਸ ਨੂੰ ਤਾਂ ਨਵੀਂ ਸਰਕਾਰ ਨੇ ਰੱਦ ਕਰ ਦਿੱਤਾ ਹੈ ਹੁਣ ਇਸ ਬਾਰੇ ਨਵਾਂ ਬਿੱਲ ਬਣਾਇਆ ਜਾਵੇਗਾ । ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਪਿਛਲੇ 14 ਮਹੀਨੇ ਤੋਂ ਲਾਰਿਆਂ ਵਿਚ ਰੱਖ ਰਹੀ ਹੈ । ਬਹੁਤੇ ਠੇਕਾ ਕਰਮਚਾਰੀਆਂ ਨੂੰ ਨੌਕਰੀ  ‘ਤੇ ਲੱਗਿਆਂ ਨੂੰ 8 ਤੋਂ 10 ਸਾਲ ਹੋ ਗਏ ਹਨ ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ। ਸਿੱਖਿਆ ਵਿਭਾਗ, ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਵਿੱਚ ਠੇਕਾ ਆਧਾਰਤ ਕਰਮਚਾਰੀ ਭਰਤੀ ਦੇ ਸਹੀ ਅਮਲ ਵਿੱਚੋਂ ਨਿਕਲ ਕੇ ਨੌਕਰੀਆਂ ‘ਤੇ ਲੱਗੇ ਸਨ । ਠੇਕਾ ਆਧਾਰਤ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਅਕਾਲੀ ਭਾਜਪਾ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਵੀ ਪਾਸ ਕਰ ਦਿੱਤਾ ਸੀ ਪਰ ਉਨ੍ਹਾਂ ਦਾ ਇਹ ਮਾਮਲਾ ਸਿਆਸਤ ਦੀ ਭੇਟ ਚੜ੍ਹ ਗਿਆ । ਹੁਣ ਪੰਜਾਬ ਦੀ ਕਾਂਗਰਸ ਸਰਕਾਰ ਇਹ ਚਾਹੁੰਦੀ ਸੀ ਕਿ ਠੇਕਾ ਆਧਾਰਤ ਕਰਮਚਾਰੀਆਂ ਨੂੰ ਪੱਕਾ ਤਾਂ ਕਰ ਦਿੱਤਾ ਜਾਵੇਗਾ ਪਰ ਤਿੰਨ ਸਾਲ ਬੇਸਿਕ ਤਨਖਾਹ ਦਿੱਤੀ ਜਾਵੇਗੀ । ਪੰਜਾਬ ਸਰਕਾਰ ਦੀ ਇਹ ਨੀਤੀ ਠੇਕਾ ਆਧਾਰਤ ਕਰਮਚਾਰੀਆਂ ਦੇ ਵਿਰੋਧੀ ਹੈ । ਜਿਸ ਨੂੰ ਉਨ੍ਹਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ ।
ਹੁਣ ਸ਼ਾਹਪੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਰਨ ਪੰਜਾਬ ਸਰਕਾਰ ਰੋਸ ਪ੍ਰਗਟ ਕਰ ਰਹੇ ਮੁਲਾਜ਼ਮਾਂ ਪ੍ਰਤੀ ਗੰਭੀਰਤਾ ਦਿਖਾ ਰਹੀ ਹੈ । ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਮੰਤਰੀਆਂ ਨੇ ਜੋ ਇਨ੍ਹਾਂ ਮੁਲਾਜ਼ਮਾਂ ਨਾਲ ਅੱਜ ਵਾਅਦਾ ਕੀਤਾ ਹੈ ਉਹ ਅਗਲੇ ਮਹੀਨੇ ਪੂਰਾ ਹੋ ਸਕੇਗਾ ਜਾਂ ਨਹੀਂ।