• Home
  • ਜੇ.ਈ ਨੂੰ 33,500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਜੇ.ਈ ਨੂੰ 33,500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫਤਾਰ

ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਦੇ ਇਕ ਮਾਮਲੇ ਵਿਚ ਪੀ.ਐਸ.ਪੀ.ਸੀ.ਐਲ ਦੇ ਇਕ ਜੇ.ਈ ਨੂੰ 33500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਬ ਡਵੀਜਨ ਘਮਰੌਦਾ, ਤਹਿਸੀਲ ਨਾਭਾ, ਜਿਲਾ ਪਟਿਆਲਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਹਰਨੇਕ ਸਿੰਘ ਨੂੰ  ਸ਼ਿਕਾਇਤ ਕਰਤਾ ਸਤਨਾਮ ਸਿੰਘ ਵਾਸੀ ਪਿੰਡ ਖੁਰਦ, ਤਹਿਸੀਲ ਨਾਭਾ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 33,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਰਿਹਾਇਸ਼ੀ ਮਕਾਨ ਨੇੜਿਓਂ ਬਿਜਲੀ ਵਾਲਾ ਖੰਬਾ ਬਾਹਰ ਕਢਵਾਉਣ ਬਦਲੇ ਜੇ.ਈ 33,500 ਰੁਪਏ ਦੀ ਮੰਗ ਕਰ ਰਿਹਾ ਹੈ। ਦੱਸਣਯੋਗ ਹੈ ਕਿ ਦੋਸ਼ੀ ਜੇ.ਈ ਨੇ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਘਮਰੌਦਾ ਦੇ ਐਸ.ਡੀ.ਓ ਜੋਗਾ ਸਿੰਘ ਅਤੇ ਲਾਈਨਮੈਨ ਦਰਸ਼ਨ ਸਿੰਘ ਨਾਲ ਵੀ ਇਸ ਕੇਸ ਵਿਚੋਂ ਮਿਲਣ ਵਾਲੀ ਰਿਸ਼ਵਤ ਦੀ ਰਕਮ ਵਿਚੋਂ ਅਹੁਦੇ ਅਨੁਸਾਰ ਹਿੱਸਾ ਦੇਣ ਲਈ ਪਹਿਲਾਂ ਹੀ ਗੱਲਬਾਤ ਤੈਅ ਕੀਤੀ ਹੋਈ ਸੀ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 33,500 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7,13 (2) ਅਤੇ 120-ਬੀ ਆਈ.ਪੀ.ਸੀ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।