• Home
  • ਜਦੋਂ ਪ੍ਰਿੰਸੀਪਲ ਨੇ ਬਿਨਾਂ ਤਬਾਦਲੇ ਤੋਂ ਕਾਂਗਰਸੀ ਆਗੂ ਦੇ ਹੁਕਮਾਂ ਤੇ ਕੀਤਾ ਨਵੇਂ ਸਕੂਲ ਚ ਜੁਆਇਨ???

ਜਦੋਂ ਪ੍ਰਿੰਸੀਪਲ ਨੇ ਬਿਨਾਂ ਤਬਾਦਲੇ ਤੋਂ ਕਾਂਗਰਸੀ ਆਗੂ ਦੇ ਹੁਕਮਾਂ ਤੇ ਕੀਤਾ ਨਵੇਂ ਸਕੂਲ ਚ ਜੁਆਇਨ???

ਚੰਡੀਗੜ੍ਹ 5ਮਈ (ਪਰਮਿੰਦਰ ਸਿੰਘ ਜੱਟਪੁਰੀ )
ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰੱਖਿਆ ਚ ਚਰਚਾ ਦਾ ਵਿਸ਼ਾ ਬਨਣ ਵਾਲਾ ਸਿੱਖਿਆ ਵਿਭਾਗ ਦਾ ਅੱਜ ਇਕ ਹੋਰ ਅਜਿਹਾ ਕਾਰਨਾਮਾ ਸਾਹਮਣੇ ਆਇਆ ਜਦੋਂ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਬਿਨਾਂ ਬਦਲੀ ਤੋਂ ਕਾਂਗਰਸੀ ਆਗੂ ਦੇ ਹੁਕਮਾਂ ਤੇ ਪਹਿਲੇ ਵਾਲਾ ਸਕੂਲ ਛੱਡ ਕੇ ਦੂਜੇ ਸਕੂਲ ਵਿੱਚ ਜੁਆਇਨ ਕਰ ਲਿਆ ਹੈ । ਇੱਥੇ ਹੀ ਬੱਸ ਨਹੀਂ ਕਾਂਗਰਸੀ ਆਗੂ ਦੇ ਹੁਕਮਾਂ ਤੇ ਫੁੱਲ ਚ ਫੁੱਲ ਚੜ੍ਹਾਉਂਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਵੀ ਉਸ ਪ੍ਰਿੰਸੀਪਲ ਨੂੰ ਦੀ ਜਵਾਬ ਤਲਬੀ ਥਾਂ ਉਸ ਨੂੰ ਇੱਕ ਹੋਰ ਸਕੂਲ ਦੀਆਂ ਡੀ. ਡੀ .ਓ ਪਾਵਰਾਂ ਵੀ ਦੇ ਦਿੱਤੀਆਂ ।
ਉਪਰੋਕਤ ਕਾਰਨਾਮਾ ਲੁਧਿਆਣਾ ਜ਼ਿਲ੍ਹੇ ਦਾ ਹੈ। ਪੂਰੇ ਵੇਰਵਿਆਂ ਤਹਿਤ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ  28 ਮਾਰਚ 2018 ਨੂੰ ਪ੍ਰਿੰਸੀਪਲਾਂ ਦੀਆ  ਬਦਲੀਆਂ ਦੇ ਸਬੰਧ ਚ ਦੋ ਲਿਸਟਾਂ ਜਾਰੀ ਕੀਤੀਆਂ ਸਨ ,ਇੱਕ ਵਿੱਚ ਨਿਰੋਲ ਪ੍ਰਿੰਸੀਪਲਾਂ ਦੀਆਂ ਬਦਲੀਆਂ ਸਨ ਅਤੇ ਦੂਜੀ ਲਿਸਟ ਵਿੱਚ ਪਦ ਉਨਤੀਆਂ ਸਨ l ਪਹਿਲੀ ਲਿਸਟ ਜੋ ਕਿ ਪਦ ਉਨਤੀਆਂ ਵਾਲੀ ਸੀ ਉਸ ਵਿੱਚ ਅੰਜੂ ਗੁਪਤਾ ਨੂੰ ਸੀਨੀਅਰ ਸੈਕੰਡਰੀ ਸਕੂਲ (ਕੰਨਿਆ)  ਭਾਰਤ ਨਗਰ ਸਕੂਲ ਲੁਧਿਆਣਾ ਤੋਂ ਪ੍ਰਿੰਸੀਪਲ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰਾਏਕੋਟ ਵਿਖੇ ਲੜੀ ਨੰਬਰ 21 ਚ ਦਰਜ ਹੈ ।ਜਦ ਕਿ ਦੂਜੀ ਲਿਸਟ ਚ ਸੁਰੇਸ਼ ਕੁਮਾਰ ਪ੍ਰਿੰਸੀਪਲ  ਬਾਬਾ ਈਸ਼ਰ ਸਿੰਘ ਸਰਕਾਰੀ  ਸੀਨੀਅਰ ਸੈਕੰਡਰੀ ਸਕੂਲ ਨੂੰ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ )ਰਾਏਕੋਟ ਵਿਖੇ ਤਬਾਦਲਾ ਸੂਚੀ ਚ15 ਨੰਬਰ ਤੇ ਦਰਜ ਹੈ ।
ਸੂਤਰਾਂ ਮੁਤਾਬਕ ਅੰਜੂ ਗੁਪਤਾ ਜਿਹੜੇ ਕੇ ਲੁਧਿਆਣਾ ਤੋਂ ਤਰੱਕੀ ਲੈ ਕੇ ਪ੍ਰਿੰਸੀਪਲ ਬਣੇ ਸਨ ਨੇ ਬਤੌਰ ਪਿ੍ੰਸੀਪਲ ਵਜੋਂ ਅਜੀਤਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 4 ਅਪ੍ਰੈਲ 2018 ਨੂੰ  ਚਾਰਜ ਸੰਭਾਲ ਲਿਆ ਸੀ ਅਤੇ ਪ੍ਰਿੰਸੀਪਲ ਅੰਜੂ ਗੁਪਤਾ ਇੱਕ ਮਹੀਨੇ ਬਾਅਦ ਹੀ  30 ਅਪ੍ਰੈਲ 2018 ਨੂੰ ਸੇਵਾ ਮੁਕਤ ਹੋ ਗਏ ਪਰ ਵਿਭਾਗੀ ਨਿਯਮਾਂ ਦੀਆਂ ਧੱਜੀਆਂ ਉਸ ਸਮੇਂ ਉੱਡੀਆਂ ਜਦੋਂ ਪਿ੍ੰਸੀਪਲ ਸੁਰੇਸ਼ ਕੁਮਾਰ ਸੀਨੀਅਰ ਸੈਕੰਡਰੀ ਸਕੂਲ ਝੋਰੜਾਂ ਨੇ ਵਿਭਾਗੀ ਤਬਾਦਲੇ ਤੋਂ ਬਿਨਾਂ ਅਜੀਤਸਰ ਸਕੂਲ ਰਾਏਕੋਟ ਵਿਖੇ 30 ਅਪਰੈਲ ਨੂੰ ਬਾਅਦ ਦੁਪਹਿਰ 2 ਵਜੇ ਆਪਣੀ ਹਾਜ਼ਰੀ ਪਾ ਦਿੱਤੀ ।
ਇਸ ਸਬੰਧੀ ਜਦੋਂ ਪ੍ਰਿੰਸੀਪਲ ਸੁਰੇਸ਼ ਕੁਮਾਰ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਦੇ ਤਬਾਦਲਾ ਆਰਡਰ 28 ਮਾਰਚ ਨੂੰ ਹੀ ਹੋਏ ਸਨ ,ਪਰ ਦੂਜੀ ਲਿਸਟ ਵਿੱਚ ਇੱਕ ਔਰਤ  ਦਾ ਤਬਾਦਲਾ ਵੀ ਇਸੇ ਸਕੂਲ ਦਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦੀ ਮਹੀਨੇ ਬਾਅਦ ਰਿਟਾਇਰਮੈਂਟ ਹੋਣ ਕਰਕੇ ਹੀ ਖੁਦ ਜੁਆਇਨ  ਨਹੀਂ ਕੀਤਾ ।

ਵਿਭਾਗ ਵੱਲੋਂ ਨਵੀਂ ਤਬਾਦਲਾ ਸੂਚੀ ਜਾਰੀ ਹੋਣ ਤੋਂ ਪਹਿਲਾਂ ਹੀ ਜੁਆਇਨ  ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ  ਨੇ ਰਾਏਕੋਟ ਹਲਕੇ ਦੇ ਵੱਡੇ ਕਾਂਗਰਸ ਦੇ ਨੇਤਾ ਦਾ ਨਾਮ ਲੈਂਦਿਆਂ ਕਿਹਾ ਕਿ  ਦੇ ਕਹਿਣ ਤੇ ਉਨ੍ਹਾਂ ਨੇ ਜੁਆਇਨ ਕੀਤਾ ਹੈ

 ਅਤੇ ਨਾਲ ਹੀ ਇਹ ਵੀ ਕਿਹਾ ਕਿ ਨੇਤਾ ਸਾਹਿਬ ਦੀ ਕ੍ਰਿਸ਼ਨ ਕੁਮਾਰ ਕੁਮਾਰ ਨਾਲ ਗੱਲ ਵੀ ਹੋ ਗਈ ਹੈ ,ਦੇ ਕਹਿਣ ਤੇ  ਉਸ ਨੇ ਜੁਆਇਨ ਕੀਤਾ ਹੈ ਅਤੇ  ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਫੋਨ ਕਰ ਦਿੱਤਾ ਹੈ ,ਜਿਸ ਕਰਕੇ ਉਨ੍ਹਾਂ ਨੇ ਹਾਜ਼ਰੀ ਰਿਪੋਰਟ ਪ੍ਰਵਾਨ ਕਰਕੇ ਮੈਨੂੰ ਝੋਰੜਾਂ ਸਕੂਲ ਦੀਆਂ ਡੀ ਡੀ ਓ ਪਾਵਰਾਂ ਵੀ ਦੇ ਦਿੱਤੀਆਂ ਹਨ ।ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਉਨ੍ਹਾਂ ਜਾਨਣਾ ਚਾਹਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਾਫ਼ ਪੱਲਾ ਝਾੜਦਿਆਂ ਕਿਹਾ ਕਿ ਪ੍ਰਿੰਸੀਪਲਾ ਦੇ ਤਬਾਦਲਿਆਂ ਦਾ ਅਧਿਕਾਰ ਸਿੱਖਿਆ ਵਿਭਾਗ ਦੇ ਸਕੱਤਰ ਪਾਸ ਹੁੰਦਾ ਹੈ ।ਪਰ ਪ੍ਰਿੰਸੀਪਲ ਦੀ ਹਾਜ਼ਰੀ ਅਤੇ ਰਿਲੀਵ  ਵਿੱਚ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕੋਈ ਰੋਲ ਨਹੀਂ ਹੁੰਦਾ ,ਇਸ ਕਰਕੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ । ਜਦੋਂ ਉਨ੍ਹਾਂ ਨੂੰ ਪਿ੍ੰਸੀਪਲ ਦੀ ਤਬਾਦਲੇ ਦੇ ਆਰਡਰਾਂ ਤੋਂ ਬਿਨਾਂ  ਹਾਜ਼ਰੀ ਰਿਪੋਰਟ ਪ੍ਰਵਾਨ ਕਰਨ ਬਾਰੇ ਪੁੱਛਿਆ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਹੁਤਾ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ, ਕਿਹਾ ਕਿ ਹਾਜ਼ਰੀ ਪ੍ਰਵਾਨ ਕਰਨ ਬਾਰੇ ਹਾਜ਼ਰੀ ਰਿਪੋਰਟ  ਮੇਰੇ ਕਲਰਕ ਪਾਸ ਪਈ ਹੈ । ਪਰ ਉਸ ਨੇ ਇਸ ਸਮੇਂ ਇਹ ਮੰਨਿਆ ਕਿ ਹਾਜ਼ਰੀ ਰਿਪੋਰਟ ਦੇ ਨਾਲ ਤਬਾਦਲੇ ਦੇ ਆਰਡਰਾਂ ਦੀ ਕਾਪੀ ਨਹੀਂ ਆਈ ।  ਹਾਜ਼ਰੀ ਪ੍ਰਵਾਨ ਕੀਤੇ ਤੋਂ ਬਿਨਾਂ ਇੱਕ ਹੋਰ ਸਕੂਲ ਦੀਆਂ ਡੀਡੀਓ ਪਾਵਰਾਂ ਦਿੱਤੇ ਜਾਣ ਦੇ ਜਵਾਬ ਚ  ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਹ ਕਿਹਾ ਕਿ  ਸਕੂਲ ਚ ਖਾਲੀ ਅਸਾਮੀ ਬਾਰੇ ਸਕੂਲ ਵੱਲੋਂ ਲਿਖ ਕੇ ਭੇਜਿਆ ਗਿਆ ਸੀ ਤਾਂ ਹੀ ਅਸੀਂ ਡੀਡੀਓ ਪਾਵਰਾਂ ਦਿੱਤੀਆਂ ਹਨ ।
ਇਸ ਸਬੰਧੀ ਜਦੋਂ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।ਖ਼ਬਰ ਵਾਲਾ ਡਾਟ ਕਾਮ ਵੱਲੋਂ ਸੰਪਰਕ ਹੋਣ ਤੋਂ ਬਾਅਦ ਅਗਲੇਰੀ ਜਾਣਕਾਰੀ ਆਪਣੇ ਪਾਠਕਾਂ ਨੂੰ ਦਿੱਤੀ ਜਾਵੇਗੀ ।