• Home
  • ਜਥੇ ’ਚੋਂ ਗਾਇਬ ਹੋ ਕੇ ਨਿਕਾਹ ਕਰਾਉਣ ਵਾਲੀ ਔਰਤ ਦਾ ਮਾਮਲਾ ਭਖ਼ਿਆ

ਜਥੇ ’ਚੋਂ ਗਾਇਬ ਹੋ ਕੇ ਨਿਕਾਹ ਕਰਾਉਣ ਵਾਲੀ ਔਰਤ ਦਾ ਮਾਮਲਾ ਭਖ਼ਿਆ

ਅੰਮ੍ਰਿਤਸਰ, 
ਖਾਲਸਾ ਸਾਜਨਾ ਦਿਵਸ ’ਤੇ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਕਿਰਨਬਾਲਾ ਵਾਸੀ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਪਾਕਿਸਤਾਨ ਦੇ ਲਾਹੌਰ ਵਾਸੀ ਨੌਜਵਾਨ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਉਣ ਅਤੇ ਦੇਸ਼ ਪਰਤਣ ਦੀ ਥਾਂ ਪਾਕਿਸਤਾਨ ਵਿਚ ਰਹਿਣ ਦਾ ਫੈਸਲਾ ਕਰਨ ਦਾ ਮਾਮਲਾ ਇਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਸ਼ਾਮਲ ਇਹ ਔਰਤ 16 ਅਪਰੈਲ ਨੂੰ ਜੱਥੇ ਨਾਲੋਂ ਵੱਖ ਹੋ ਗਈ ਸੀ ਅਤੇ ਇਸ ਵੱਲੋਂ ਲਾਹੌਰ ਵਿਚ ਧਰਮ ਤਬਦੀਲ ਕਰਨ ’ਤੇ ਮੁੜ ਲਾਹੌਰ ਵਾਸੀ ਨਾਲ ਨਿਕਾਹ ਕਰਨ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਵੱਲੋਂ ਇਸਲਾਮਾਬਾਦ ਸਥਿਤ ਵਿਦੇਸ਼ ਮੰਤਰਾਲੇ ਕੋਲ ਇਕ ਅਰਜ਼ੀ ਦਿੱਤੀ ਗਈ, ਜਿਸ ਰਾਹੀਂ ਉਸ ਨੇ ਆਪਣੇ ਵੀਜ਼ੇ ਦੀ ਮਿਆਦ ਤਿੰਨ ਮਹੀਨੇ ਵਧਾਉਣ ਦੀ ਅਪੀਲ ਕੀਤੀ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣਾ ਪੱਖ ਰੱਖਦਿਆਂ ਆਖਿਆ ਕਿ ਇਸ ਵਿੱਚ ਸਿੱਖ ਸੰਸਥਾ ਦੀ ਨਹੀਂ ਸਗੋਂ ਭਾਰਤੀ ਖੁਫੀਆ ਏਜੰਸੀਆਂ ਦੀ ਨਾਕਾਮੀ ਹੈ, ਜਿਨ੍ਹਾਂ ਨੂੰ ਸਮੇਂ ਸਿਰ ਇਸ ਔਰਤ ਦੇ ਪਾਕਿਸਤਾਨ ਜਾਣ ਦੇ ਮੰਤਵ ਬਾਰੇ ਪਤਾ ਨਹੀਂ ਲੱਗ ਸਕਿਆ।
ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਵੱਲੋਂ ਹਰ ਵਾਰ ਕਈ ਸ਼ਰਧਾਲੂਆਂ ਦੇ ਨਾਂ ਸ਼ੱਕ ਕਾਰਨ ਹੀ ਕੱਟੇ ਜਾਂਦੇ ਹਨ। ਉਨ੍ਹਾਂ ਆਖਿਆ ਕਿ ਇਹ ਔਰਤ ਲੰਮੇ ਸਮੇਂ ਤੋਂ ਪਾਕਿਸਤਾਨੀ ਨੌਜਵਾਨ ਦੇ ਸੰਪਰਕ ਵਿੱਚ ਸੀ ਪਰ ਭਾਰਤੀ ਖੁਫੀਆ ਏਜੰਸੀਆਂ ਉਸ ਦਾ ਪਤਾ ਲਾਉਣ ਵਿੱਚ ਅਸਫਲ ਰਹੀਆਂ ਹਨ। ਮਿਲੇ ਵੇਰਵਿਆਂ ਮੁਤਾਬਕ ਗੜ੍ਹਸ਼ੰਕਰ ਵਿੱਚ ਜਨਮੀ ਕਿਰਨ ਬਾਲਾ (31) ਦਾ ਵਿਆਹ ਨਰਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਹ 12 ਅਪਰੈਲ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਰਵਾਨਾ ਹੋਈ ਸੀ। ਲਾਹੌਰ ਪੁੱਜਣ ਮਗਰੋਂ ਉਸ ਨੇ ਉਥੇ ਇਕ ਮਸਜਿਦ ਵਿਚ ਜਾ ਕੇ ਧਰਮ ਤਬਦੀਲ ਕਰ ਲਿਆ ਅਤੇ ਉਸ ਦਾ ਨਾਂ ਕਿਰਨ ਬਾਲਾ ਤੋਂ ਅਮੀਨਾ ਬੀਬੀ ਰੱਖ ਦਿੱਤਾ ਗਿਆ। ਲਾਹੌਰ ਮਸਜਿਦ ਦੇ ਮੌਲਵੀ ਹਗੀਬ ਨਈਮੀ ਨੇ ਇਸ ਦੀ ਸੋਸ਼ਲ ਮੀਡੀਆ ’ਤੇ ਪੁਸ਼ਟੀ ਕੀਤੀ ਹੈ। ਧਰਮ ਤਬਦੀਲ ਕਰਨ ਮਗਰੋਂ ਉਸ ਨੇ ਉਥੇ ਲਾਹੌਰ ਸਥਿਤ ਹੰਜਰਾਂਵਾਲਾ ਮੁਲਤਾਨ ਰੋਡ ਦੇ ਵਾਸੀ ਮੁਹੰਮਦ ਆਜਮ ਨਾਲ ਨਿਕਾਹ ਕਰ ਲਿਆ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡਿਓ ਵਿੱਚ ਇਹ ਔਰਤ ਕਹਿ ਰਹੀ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ ਹੈ। ਜਬਰੀ ਧਰਮ ਪਰਿਵਰਤਨ ਦੇ ਦੋਸ਼ਾਂ ਨੂੰ ਉਸ ਨੇ ਰੱਦ ਕੀਤਾ ਹੈ ਅਤੇ ਪਾਕਿਸਤਾਨ ਵਿੱਚ ਰਹਿਣ ਦੀ ਇੱਛਾ ਪ੍ਰਗਟਾਈ ਹੈ। ਦੂਜੇ ਪਾਸੇ ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਭਾਰਤੀ ਔਰਤ ਦਾ ਜਬਰੀ ਧਰਮ ਤਬਦੀਲ ਕੀਤਾ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਭਾਰਤੀ ਔਰਤ ਓਜਮਾ ਦਾ ਵੀ ਇਸੇ ਢੰਗ ਤਰੀਕੇ ਨਾਲ ਧਰਮ ਤਬਦੀਲ ਕਰਕੇ ਜਬਰੀ ਨਿਕਾਹ ਕੀਤਾ ਗਿਆ ਸੀ। ਮੌਜੂਦਾ ਸਥਿਤੀ ਵਿਚ ਉਸ ਦਾ ਵੀਜ਼ਾ 12 ਅਪਰੈਲ ਤੋਂ 21 ਅਪਰੈਲ ਤਕ ਹੈ। ਪਤਾ ਲੱਗਾ ਹੈ ਕਿ ਉਸ ਦੀ ਫੇਸਬੁਕ ਰਾਹੀਂ ਲਾਹੌਰ ਵਾਸੀ ਨੌਜਵਾਨ ਨਾਲ ਦੋਸਤੀ ਹੋਈ ਸੀ ਅਤੇ ਉਹ ਵਿਆਹ ਕਰਾਉਣ ਦੇ ਮੰਤਵ ਨਾਲ ਹੀ ਇਥੋਂ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਗਈ ਸੀ, ਜਿਥੇ ਮੌਕਾ ਮਿਲਦਿਆਂ ਹੀ ਉਹ ਮੁਹੰਮਦ ਆਜਮ ਨੂੰ ਮਿਲੀ ਅਤੇ ਮਗਰੋਂ ਧਰਮ ਤਬਦੀਲ ਤੇ ਨਿਕਾਹ ਕੀਤਾ ਗਿਆ।
ਸਰਕਾਰ ਨੂੰ ਜਾਂਚ ਲਈ ਭੇਜੇ ਜਾਂਦੇ ਨੇ ਅਰਜ਼ੀਆਂ ਤੇ ਪਾਸਪੋਰਟ: ਬੇਦੀ
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਜਦੋਂ ਵੀ ਸਿੱਖ ਸੰਸਥਾ ਵਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਜਾਂਦਾ ਹੈ ਤਾਂ ਇਸ ਸਬੰਧੀ ਅਰਜ਼ੀਆਂ ਅਤੇ ਪਾਸਪੋਰਟ ਇਕੱਠੇ ਕਰਕੇ ਸਰਕਾਰ ਨੂੰ ਜਾਂਚ ਵਾਸਤੇ ਭੇਜ ਦਿੱਤੇ ਜਾਂਦੇ ਹਨ ਜਿਥੇ ਯੋਗ ਕਾਰਵਾਈ ਕਰਕੇ ਇਸ ਦੀ ਰਿਪੋਰਟ ਅਗਾਂਹ ਸੌਂਪੀ ਜਾਂਦੀ ਹੈ।