• Home
  • ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ, ਆਸ਼ੂ ਅਤੇ ਬਿੱਟੂ ਵੱਲੋਂ ਜਾਇਜਾ-ਹਫ਼ਤੇ ਵਿੱਚ ਦੋ ਵਾਰ ਲਿਆ ਕਰਾਂਗਾ ਜਾਇਜਾ-ਰਵਨੀਤ ਸਿੰਘ ਬਿੱਟੂ

ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ, ਆਸ਼ੂ ਅਤੇ ਬਿੱਟੂ ਵੱਲੋਂ ਜਾਇਜਾ-ਹਫ਼ਤੇ ਵਿੱਚ ਦੋ ਵਾਰ ਲਿਆ ਕਰਾਂਗਾ ਜਾਇਜਾ-ਰਵਨੀਤ ਸਿੰਘ ਬਿੱਟੂ

ਲੁਧਿਆਣਾ, 6 ਜੂਨ (ਖ਼ਬਰ ਵਾਲੇ ਬਿਊਰੋ )-ਸ਼ਹਿਰ ਦੀ ਸਾਹਰਗ ਵਜੋਂ ਜਾਣੇ ਜਾਂਦੇ ਜਗਰਾਂਉ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ 8 ਮਹੀਨੇ ਵਿੱਚ ਪੂਰਾ ਕਰਨ ਦਾ ਟੀਚਾ ਹੈ। ਸ਼ੁਰੂ ਹੋਏ ਕੰਮ ਦਾ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਜਾਇਜਾ ਲਿਆ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੰਮ ਨੂੰ ਤਰਜੀਹ ਨਾਲ ਪੂਰਾ ਕਰਵਾਇਆ ਜਾਵੇ।
ਜਾਇਜਾ ਲੈਣ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਸ਼ੂ ਅਤੇ ਸ੍ਰ. ਬਿੱਟੂ ਨੇ ਦੱਸਿਆ ਕਿ ਇਸ ਪੁੱਲ ਦੇ ਇੱਕ ਹਿੱਸੇ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਅਗਲੇ 10 ਦਿਨ ਵਿੱਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਮੁਰੰਮਤ ਕਾਰਜ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਮੁਰੰਮਤ ਕੀਤੇ ਜਾਣ ਵਾਲੇ ਪੁੱਲ ਦੇ ਹਿੱਸੇ ਦੀ ਲੰਬਾਈ 65 ਫੁੱਟ ਅਤੇ ਚੌੜਾਈ 10.5 ਫੁੱਟ ਹੈ।
ਮੁਰੰਮਤ ਕਾਰਜ ਲਈ ਲੋੜੀਂਦੀ 24.30 ਕਰੋਡ਼ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਟਰਾਂਸਫ਼ਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪੁੱਲ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਕਿਸਮ ਦੇ ਗਾਡਰ, ਡਿਜਾਈਨ ਅਤੇ ਹੋਰ ਸਮੱਗਰੀ ਦੀ ਤਿਆਰੀ ਹੋ ਚੁੱਕੀ ਹੈ। ਪੁੱਲ ਦਾ ਕੰਮ ਮੁਕੰਮਲ ਹੋਣ ਬਾਅਦ ਪੁੱਲ ਨਾਲ ਜੁਡ਼ਦੀਆਂ ਸਡ਼ਕਾਂ (ਅਪਰੋਚ ਰੋਡਜ਼) ਨਗਰ ਨਿਗਮ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਜਾਣਗੀਆਂ।
ਸ੍ਰ. ਬਿੱਟੂ ਨੇ ਇਸ ਪੁੱਲ ਦੇ ਕੰਮ ਨੂੰ ਤੈਅ ਸਮਾਂ ਸੀਮਾ ਵਿੱਚ ਕਰਾਉਣ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਉਹ ਇਸ ਕੰਮ ਦਾ ਹਰੇਕ ਹਫ਼ਤੇ ਦੋ ਵਾਰ ਖੁਦ ਜਾਇਜਾ ਲਿਆ ਕਰਨਗੇ ਤਾਂ ਜੋ ਇਹ ਕੰਮ ਕਿਸੇ ਵੀ ਰੁਕਾਵਟ ਅਤੇ ਅਣਦੇਖੀ ਕਾਰਨ ਰੁਕੇ ਨਾ। ਇਸ ਕੰਮ ਵਿੱਚ ਕਿਸੇ ਵੀ ਤਰੀਕੇ ਦੀ ਢਿੱਲਮੁੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਪ੍ਰਮੁੱਖਤਾ ਨਾਲ ਕਰਾਉਣ ਲਈ ਰੇਲਵੇ ਵਿਭਾਗ ਨੂੰ ਕਹਿ ਕੇ ਐਕਸੀਅਨ ਦੀ ਠਹਿਰ ਲੁਧਿਆਣਾ ਵਿਖੇ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਗਿੱਲ ਰੋਡ ਰੇਲਵੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਵੀ ਅਗਲੇ ਕੁਝ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਸ ਪੁੱਲ ਸੰਬੰਧੀ ਜਾਂਚ ਰਿਪੋਰਟ ਵੀ ਜਲਦ ਹੀ ਪੇਸ਼ ਕੀਤੀ ਜਾਵੇਗੀ।ਜਿਸ ਦੇ ਆਧਾਰ ਉੱਪਰ ਕਥਿਤ ਦੋਸ਼ੀ ਅਧਿਕਾਰੀਆਂ ਅਤੇ ਉਸਾਰੀ ਕਰਨ ਵਾਲੀ ਕੰਪਨੀ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਜਗਰਾਂਉ ਰੇਲਵੇ ਲਾਂਘੇ ਕੋਲ ਬੈਠੇ ਨਜਾਇਜ਼ ਕਾਬਜ਼ਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜੇ ਛੱਡ ਕੇ ਸਰਕਾਰੀ ਫਲੈਟਾਂ ਵਿੱਚ ਸ਼ਿਫ਼ਟ ਕਰ ਜਾਣ ਤਾਂ ਜੋ ਰੇਲਵੇ ਓਵਰਬ੍ਰਿਜ ਦੇ ਕੰਮ ਨੂੰ ਹੋਰ ਵੀ ਤੇਜੀ ਨਾਲ ਮੁਕੰਮਲ ਕਰਵਾਇਆ ਜਾ ਸਕੇ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਪਰ ਸ੍ਰ. ਬਿੱਟੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਿਰ ਦਿੱਤੇ ਦਖ਼ਲ ਉਪਰੰਤ ਹੁਣ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿੱਚ ਸਥਿਤੀ ਸ਼ਾਂਤੀਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਧਾਰਮਿਕ ਲੜਾਈ ਜਾਂ ਕੋਈ ਫਿਰਕਾਪ੍ਰਸਤੀ ਨਾਲ ਸੰਬੰਧਤ ਮਾਮਲਾ ਨਹੀਂ ਹੈ, ਸਗੋਂ ਕੁਝ ਰਸੂਖ਼ਵਾਨ ਲੋਕ ਸਿੱਖਾਂ ਦੀਆਂ ਮਹਿੰਗੀਆਂ ਜਾਇਦਾਦਾਂ ਉੱਪਰ ਕਾਰੋਬਾਰੀ ਲਾਲਸਾ ਕਾਰਨ ਨਜਾਇਜ਼ ਕਬਜਾ ਕਰਨਾ ਚਾਹੁੰਦੇ ਸਨ, ਜਿਸ ਨੂੰ ਮੇਘਾਲਿਆ ਦੀ ਸਰਕਾਰ ਅਤੇ ਪ੍ਰਸਾਸ਼ਨ ਨੇ ਸਿਆਣਪ ਨਾਲ ਨਜਿੱਠ ਲਿਆ ਹੈ। ਉਨ੍ਹਾਂ ਕਿਸੇ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਅਫਵਾਹਾਂ ਨੂੰ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਿਲੌਗ ਭੇਜੇ ਗਏ ਪੰਜਾਬ ਸਰਕਾਰ ਦੇ ਵਫ਼ਦ ਵਿੱਚ ਸ੍ਰ. ਬਿੱਟੂ ਅਤੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਵੀ ਸ਼ਾਮਿਲ ਸਨ।
ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਸ੍ਰੀ ਰਾਕੇਸ਼ ਪਰਾਸ਼ਰ, ਜਿਲ੍ਹਾ ਪ੍ਰਧਾਨ ਕਾਂਗਰਸ ਸ੍ਰ. ਗੁਰਦੇਵ ਸਿੰਘ ਲਾਪਰਾਂ, ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਸ੍ਰੀ ਰਾਜੀਵ ਰਾਜਾ, ਨਿੱਜੀ ਸਹਾਇਕ ਸ੍ਰ. ਗੁਰਦੀਪ ਸਿੰਘ ਸਰਪੰਚ ਅਤੇ ਹੋਰ ਹਾਜ਼ਰ ਸਨ।