• Home
  • ਚੋਣ ਪ੍ਰਚਾਰ ਲਈ ਤੈਅ ਸਮਾਂ ਸਮਾਪਤੀ ਤੋਂ ਬਾਅਦ ਲਾਗੂ ਕੀਤੇ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜਾਰੀ

ਚੋਣ ਪ੍ਰਚਾਰ ਲਈ ਤੈਅ ਸਮਾਂ ਸਮਾਪਤੀ ਤੋਂ ਬਾਅਦ ਲਾਗੂ ਕੀਤੇ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਜਾਰੀ

ਚੰਡੀਗੜ-(ਖਬਰ ਵਾਲੇ ਬਿਊਰੋ) ਵਿਧਾਨ ਸਭਾ ਹਲਕਾ ਸ਼ਾਹਕੋਟ ਲਈ ਹੋ ਜ਼ਿਮਨੀ  ਚੋਣ ਸਬੰਧੀ 28 ਮਈ 2018 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਮਿਤੀ 26 ਮਈ 2018 ਸ਼ਾਮ 6:30 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਜ਼ਿਲਾਂ ਚੋਣ ਅਫ਼ਸਰ ਜਲੰਧਰ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ  ਸਮਾਂ ਸੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ ਅਤੇ ਜਿਲਾਂ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾਪਤ ਹੁੰਦੇ ਸਾਰ ਹਲਕੇ ਵਿਚ ਸਿਰਫ ਰਜਿਸਟਰ ਵੋਟਰ ਹੀ ਹੋਣ ਉਸ ਤੋਂ ਇਲਾਵਾ ਬਾਹਰੀ ਵਿਅਕਤੀ ਨਾ ਹੋਵੇ। ਇਸ ਸਬੰਧੀ ਚੋਣ ਅਮਲ ਵਿੱਚ ਲੱਗਿਆ ਪ੍ਰਸ਼ਾਸਨ ਸਮੁੱਚੀਆਂ ਪਾਰਟੀਆਂ ਇਸ ਸਬੰਧੀ ਚਿਤਾਵਾਨੀ ਦੇ ਦੇਵੇ ਤਾਂ ਜੋ ਇਨਾਂ ਹੁਕਮਾਂ ਦੀ ਪਾਲਣਾ ਹੋ ਸਕੇ।
ਡਾ. ਰਾਜੂ ਨੇ ਦੱਸਿਆ ਕਿ ਇਨਾਂ ਹੁਕਮਾ ਦੇ ਪਾਲਣਾ ਲਈ ਚੋਣ ਅਮਲ ਵਿੱਚ ਲੱਗਿਆ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਕਮਿਊਨਟੀ ਸੈਂਂਟਰ/ਧਰਮਸ਼ਾਲਾ/ਲੌਜ/ਗੈਸਟ ਹਾਊਸ ਅਤੇ ਹੋਰ ਇਸ ਤਰਾਂ ਦੀ ਥਾਵਾਂ ਦੀ ਚੈਕਿੰਗ ਕਰਨਗੇ ਅਤੇ ਇਨਾਂ ਥਾਵਾਂ ਵਿੱਚ ਠਹਿਰਨ ਵਾਲਿਆਂ ਦੀ ਸੂਚੀ 'ਤੇ ਨਿਗਾਹ ਰੱਖਣਗੇ। ਉਨਾਂ ਅੱਗੇ ਦੱਸਿਆ ਕਿ ਵਿਅਕਤੀ/ਸਮੂਹ ਦੀ ਪਹਿਚਾਣ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਉਸੇ ਵਿਧਾਨ ਸਭਾ ਹਲਕੇ ਦੇ ਰਹਿਣ ਵਾਲੇ ਹਨ, ਲਈ ਸ਼ਨਾਖਤੀ ਪੱਤਰ ਦੇਖਿਆ ਜਾ ਸਕਦਾ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਭਾਵ ਚੋਣ ਪ੍ਰਚਾਰ ਖਤਮ ਹੁੰਦੇ ਸਾਰ ਹੀ ਉਕਤ ਹਦਾਇਤਾਂ ਤੋਂ ਇਲਾਵਾ ਰੇਡੀਓ ਅਤੇ ਟੈਲੀਵੀਜ਼ਨ 'ਤੇ ਹੋਣ ਵਾਲੇ ਪ੍ਰਚਾਰ 'ਤੇ ਵੀ ਰੋਕ ਲੱਗ ਜਾਵੇਗੀ।26 ਮਈ 2018 ਨੂੰ ਸ਼ਾਮ 6:30 ਵਜੇ ਤੋਂ ਬਾਅਦ ਕੋਈ ਵੀ ਰੇਡੀਓ ਤੇ ਟੈਲੀਵੀਜ਼ਨ, ਸਿਨੇਮਾ ਸਮੇਤ ਅਜਿਹੇ ਹੋਰ ਕਿਸੇ ਵੀ ਸਾਧਨ 'ਤੇ ਪ੍ਰਚਾਰ ਨਹੀਂ ਕੀਤਾ ਜਾ ਸਕੇਗਾ।  ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ 3/9/2007  ਜੇ ਐਸ-11 ਮਿਤੀ 3 ਅਗਸਤ 2007 ਅਨੁਸਾਰ ਚੋਣ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਸਮਾਪਤ ਹੁੰਦੇ ਸਾਰ ਹੀ ਕੋਈ ਵੀ ਟੀ.ਵੀ. ਅਤੇ ਰੇਡੀਉ ਕਿਸੀ ਵੀ ਪਾਰਟੀ ਦੇ ਪ੍ਰਚਾਰ ਲਈ ਇਸ਼ਿਤਿਹਾਰ ਜਾਂ ਉਸ ਨਾਲ ਮਿਲਦਾ ਜੁਲਦਾ ਪ੍ਰੋਗਰਾਮ ਨਹੀਂ ਚਲਾ ਸਕਣਗੇ।