• Home
  • ਵਿਦਿਆਰਥੀ ਤੋਂ 20 ਹਜਾਰ ਰਿਸ਼ਵਤ ਮੰਗਣ ਦੇ ਦੋਸ਼ ‘ਚ ਸਿੱਖਿਆ ਬੋਰਡ ਦੀ ਮੈਨੇਜਰ ਮੁਅੱਤਲ

ਵਿਦਿਆਰਥੀ ਤੋਂ 20 ਹਜਾਰ ਰਿਸ਼ਵਤ ਮੰਗਣ ਦੇ ਦੋਸ਼ ‘ਚ ਸਿੱਖਿਆ ਬੋਰਡ ਦੀ ਮੈਨੇਜਰ ਮੁਅੱਤਲ

ਐੱਸ.ਏ.ਐੱਸ. ਨਗਰ 12ਮਈ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰੀ ਦਫਤਰ ਜਿਲ੍ਹਾ ਜਲੰਧਰ ਦੀ ਮੈਨੇਜਰ ਸ੍ਰੀਮਤੀ ਸੁਚੇਤਾ ਸ਼ਰਮਾਂ ਨੂੰ  ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਪ੍ਰੈਸ ਨੂੰ ਭੇਜੀ ਜਾਣਕਾਰੀ 'ਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ| ਬੋਰਡ ਚੇਅਰਮੈਨ ਨੇ ਕਿਹਾ ਕਿ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਵੱਲੋਂ ਸਿੱਖਿਆ ਵਿਭਾਗ ਵਿੱਚ ਕਿਸੇ ਵੀ ਕਿਸਮ ਦੀ ਬੇ-ਨਿਯਮੀ ਬਰਦਾਸ਼ਤ ਨਾ ਕੀਤੇ ਜਾਣ ਬਾਰੇ ਪਹਿਲੇ ਹੀ ਦਿਨ ਸੰਦੇਸ਼ ਦਿੱਤਾ ਗਿਆ ਸੀ| ਬੋਰਡ ਚੇਅਰਮੈਨ ਸ੍ਰੀ ਕਲੋਹੀਆ ਨੇ ਅੱਗੇ ਦੱਸਿਆ ਕਿ ਜਲੰਧਰ ਵਾਸੀ ਵਿਦਿਆਰਥੀ ਲਖਵਿੰਦਰ ਕੌਰ ਵੱਲੋਂ ਆਪਣੇ ਤੇ ਆਪਣੇ ਮਾਤਾ ਪਿਤਾ ਦੇ ਨਾਂ ਦੀ ਸੋਧ ਕਰਵਾਉਣ ਲਈ ਬੋਰਡ ਵਿੱਚ ਅਪਲਾਈ ਕੀਤਾ ਜਾਣਾ ਸੀ| ਇਸ ਸਬੰਧ ਵਿੱਚ ਜਦੋਂ ਲਖਵਿੰਦਰ ਕੌਰ ਆਪਣੇ ਬਾਰ੍ਹਵੀਂ ਦੇ ਦਾਖਲਾ ਖਾਰਜ ਰਜਿਸਟਰ ਵਿੱਚ ਲੋੜੀਂਦੀ ਸੋਧ 'ਤੇ ਜਲੰਧਰ 'ਚ ਬੋਰਡ ਦੇ ਖੇਤਰੀ ਦਫਤਰ ਦੀ ਮੈਨੇਜਰ ਸ੍ਰੀਮਤੀ ਸੁਚੇਤਾ ਸ਼ਰਮਾਂ ਤੋਂ ਕਾਉਂਟਰਸਾਈਨ ਕਰਵਾਉਣ ਲਈ ਗਈ ਤਾਂ ਉਹਨਾਂ ਇਸ ਕੰਮ ਬਦਲੇ ਲਖਵਿੰਦਰ ਕੌਰ ਤੋਂ ਵੀਹ ਹਜ਼ਾਰ ਰੁਪਏ ਦੀ ਮੰਗ ਕੀਤੀ|
ਬੋਰਡ ਚੇਅਰਮੈਨ ਸ੍ਰੀ ਕਲੋਹੀਆ ਨੇ ਦੱਸਿਆ ਕਿ ਅੱਜ ਲਖਵਿੰਦਰ ਕੌਰ ਨੇ ਆਪਣੀ ਮੌਕੇ ਦੀ ਸਾਥੀ ਬਲਜਿੰਦਰ ਕੌਰ ਨਾਲ ਬੋਰਡ ਦੇ ਮੁੱਖ ਦਫਤਰ ਆ ਕੇ ਸੁਚੇਤਾ ਸ਼ਰਮਾਂ ਵਿਰੁੱਧ ਵੇਰਵੇ ਸਹਿਤ ਲਿਖਤੀ ਸ਼ਿਕਾਇਤ ਦਿੱਤੀ ਸੀ| ਮਾਮਲੇ ਦੀ ਗੰਭੀਰਤਾ ਨੁੰ ਸਮਝਦਿਆਂ ਹੋਇਆਂ ਬੋਰਡ ਚੇਅਰਮੈਨ ਵੱਲੋਂ ਸ੍ਰੀਮਤੀ ਸੁਚੇਤਾ ਸ਼ਰਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਮੁਅੱਤਲੀ ਅਧੀਨ ਬੋਰਡ ਦੇ ਮੁੱਖ ਦਫਤਰ ਵਿਖੇ ਹਾਜਰ ਰਹਿਣ ਦੀ ਹਿਦਾਇਤ ਕੀਤੀ ਗਈ ਹੈ| ਬੋਰਡ ਚੇਅਰਮੈਨ ਨੇ ਕਿਹਾ ਕਿ ਰਿਸ਼ਵਤ ਸਬੰਧੀ ਇਸ ਸੰਗੀਨ ਮਾਮਲੇ ਦੀ ਜਾਂਚ ਤੁਰੰਤ ਸ਼ੁਰੂ ਕੀਤੀ ਜਾ ਰਹੀ ਹੈ|