• Home
  • ਖਹਿਰਾ ਨੇ ਕੈਪਟਨ ਨੂੰ ਲਿਆ ਆੜੇ ਹੱਥੀਂ, ਮਾਮਲਾ ਸਿੱਖ ਇਤਿਹਾਸ ਨਾਲ ਖਿਲਵਾੜ ਕਰਨ ਦਾ

ਖਹਿਰਾ ਨੇ ਕੈਪਟਨ ਨੂੰ ਲਿਆ ਆੜੇ ਹੱਥੀਂ, ਮਾਮਲਾ ਸਿੱਖ ਇਤਿਹਾਸ ਨਾਲ ਖਿਲਵਾੜ ਕਰਨ ਦਾ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਬਾਰ੍ਹਵੀਂ ਕਲਾਸ ਦੀ ਪੰਜਾਬ ਦਾ ਇਤਿਹਾਸ ਕਿਤਾਬ ਦੇ ਮਾਮਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਹੈ।ਖਹਿਰਾ ਨੇ ਕੈਪਟਨ 'ਤੇ ਇਲਜ਼ਾਮ ਲਗਾਏ ਕਿ ਉਹ ਆਪਣੇ ਜਵਾਈ ਅਤੇ ਪੁੱਤ ਨੂੰ ਬਚਾਉਣ ਲਈ ਬੀਜੇਪੀ ਦੇ ਹੱਥਾਂ ਵਿੱਚ ਖੇਡ ਰਹੇ ਹਨ । ਇਸੇ ਲਈ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੰਜਾਬ ਫੇਰੀ ਮੌਕੇ ਅਤੇ ਹੁਣ ਸਿੱਖ ਇਤਿਹਾਸ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਉਨ੍ਹਾਂ ਗ਼ਲਤ ਸਟੈਂਡ ਲਿਆ ਹੈ। ਖਹਿਰਾ ਨੇ ਇਲਜ਼ਾਮ ਲਗਾਏ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੀ ਬਜਾਏ ਮਿਥਿਹਾਸ ਪੜ੍ਹਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ।ਏਨਾ ਹੀ ਨਹੀਂ ਲਾਲਾਂ ਵਾਲੇ ਪੀਰ ਬਾਰੇ ਜਾਣਕਾਰੀ ਵੀ ਸਿੱਖ ਇਤਿਹਾਸ ਦਾ ਹਿੱਸਾ ਬਣਾ ਦਿੱਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਏ ਕਿ ਬਾਰ੍ਹਵੀਂ ਕਲਾਸ ਦੀ ਪੰਜਾਬ ਦਾ ਇਤਿਹਾਸ ਕਿਤਾਬ ਵਿਚੋਂ 18 ਚੈਪਟਰ ਕੱਢ ਕੇ ਗਿਆਰ੍ਹਵੀਂ ਕਲਾਸ ਦੇ ਸਿਲੇਬਸ ਵਿੱਚ ਪਾਉਣ ਦੀ ਗੱਲ ਕਹੀ ਜਾ ਰਹੀ ਹੈ। ਪਰ ਗਿਆਰ੍ਹਵੀਂ ਦੀ ਕਿਤਾਬ ਅਜੇ ਤੱਕ ਪਬਲਿਸ਼ ਨਹੀਂ ਹੋਈ ਜਿਸ ਕਾਰਨ ਇਹ ਕੋਈ ਗਾਰੰਟੀ ਨਹੀਂ ਕਿ ਸਿੱਖ ਇਤਿਹਾਸ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ 'ਤੇ ਇਹ ਹਮਲਾ ਕੀਤਾ ਗਿਆ ਹੈ ਕਿ ਬਾਰ੍ਹਵੀਂ ਕਲਾਸ ਦੀ 300 ਪੰਨਿਆਂ ਤੋਂ ਉੱਪਰ ਦੀ ਕਿਤਾਬ 182 ਪੰਨਿਆਂ ਤੱਕ ਸਮੇਟ ਦਿੱਤੀ ਗਈ ਹੈ। ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਿਆ ਅਧਿਕਾਰੀਆਂ ਦੀਆਂ ਗੱਲਾਂ ਸੁਣ ਕੇ ਆਪਣਾ ਸਟੈਂਡ ਲੈ ਰਹੇ ਹਨ । ਜਦਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਇਸ ਮਾਮਲੇ 'ਤੇ ਪੂਰੀ ਸਚਾਈ ਜੱਗ ਜ਼ਾਹਿਰ ਕਰਨ ਲਈ ਵਾਈਟ ਪੇਪਰ ਜਾਰੀ ਕਰਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜੋ ਚੇਅਰਮੈਨ ਹੈ ਉਸ ਨੇ ਸਾਰੀ ਉਮਰ ਨੌਕਰੀ ਰਾਜਸਥਾਨ ਵਿੱਚ ਕੀਤੀ ਹੈ ਜਿਸ ਕਾਰਨ ਉਸ ਨੂੰ ਪੰਜਾਬ ਦੇ ਇਤਿਹਾਸ ਨਾਲ ਕੋਈ ਮੋਹ ਨਹੀਂ । ਪੰਜਾਬ ਦਾ ਸਿੱਖਿਆ ਸਕੱਤਰ ਵੀ ਗ਼ੈਰ ਪੰਜਾਬੀ ਹੈ ਜਿਸ ਕਾਰਨ ਉਸ ਨੂੰ ਨਾ ਤਾਂ ਪੰਜਾਬ ਦੇ ਇਤਿਹਾਸ ਨਾਲ ਅਤੇ ਨਾ ਹੀ ਸਿੱਖ ਇਤਿਹਾਸ ਨਾਲ ਕੋਈ ਲਗਾਅ ਹੈ,ਜਿਸ ਕਾਰਨ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਗਾਏ ਕਿ ਉਹ ਵੀ ਗ਼ੈਰ ਜ਼ਿੰਮੇਵਾਰੀ ਨਾਲ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ ।ਕਿਉਂਕਿ ਜੋ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਛਪਵਾਈਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਤਿਆਰ ਅਕਾਲੀ ਭਾਜਪਾ ਦੀ ਸਰਕਾਰ ਨੇ ਹੀ ਕਰਵਾਇਆ ਸੀ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਜੋ ਕਈ ਸਾਲਾਂ ਤੋਂ ਬਾਰ੍ਹਵੀਂ ਦੇ ਵਿਦਿਆਰਥੀ ਪੜ੍ਹਦੇ ਆ ਰਹੇ ਸਨ ਉਸ ਨੂੰ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਬਾਰੇ ਕਿਹਾ ਜਾ ਰਿਹਾ ਹੈ। ਇਸੇ ਸਿਲਸਿਲੇ ਕਾਰਨ ਗਿਆਰ੍ਹਵੀਂ ਕਲਾਸ ਵਿਚੋਂ ਪਾਸ ਹੋਏ ਦੋ ਲੱਖ ਵਿਦਿਆਰਥੀ ਸਿੱਖ ਇਤਿਹਾਸ ਤੋਂ ਵਾਂਝੇ ਰਹਿ ਜਾਣਗੇ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਨਾਲ ਖਿਲਵਾੜ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਦਾ ਹੀ ਹਿੱਸਾ ਹੈ । ਜਿਸ ਕਾਰਨ ਸਮੂਹ ਪੰਜਾਬੀਆਂ ਨੂੰ ਇਸ ਮਾਮਲੇ 'ਤੇ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।