• Home
  • ਖਸਰਾ-ਰੁਬੈਲਾ ਟੀਕਾਕਰਨ: ਬਲਾਕ ਡਰੋਲੀ ਭਾਈ ਦੀ ਕਵਰੇਜ 92 ਫੀਸਦੀ ਤੋਂ ਟੱਪੀ

ਖਸਰਾ-ਰੁਬੈਲਾ ਟੀਕਾਕਰਨ: ਬਲਾਕ ਡਰੋਲੀ ਭਾਈ ਦੀ ਕਵਰੇਜ 92 ਫੀਸਦੀ ਤੋਂ ਟੱਪੀ

ਮੋਗਾ, 4 ਜੂਨ (   ) – ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਹਿਲੀ ਮਈ ਤੋਂ ਚਲਾਈ ਜਾ ਰਹੀ ਖਸਰਾ ਤੇ ਰੁਬੈਲਾ ਟੀਕਾਕਰਨ ਮੁਹਿੰਮ ਦੌਰਾਨ ਵਿਰੋਧ ਤੇ ਅਫਵਾਹਾਂ ਕਾਰਨ ਆਈਆਂ ਦਿੱਕਤਾਂ ਦੇ ਬਾਵਜੂਦ ਮੋਗੇ ਦੇ ਸਿਹਤ ਬਲਾਕ ਡਰੋਲੀ ਭਾਈ ਨੇ 92.16 ਫੀਸਦੀ ਬੱਚਿਆਂ ਦਾ ਟੀਕਾਕਰਨ ਕਰ ਕੇ ਪੰਜਾਬ ਦੇ ਮੋਹਰੀ ਬਲਾਕਾਂ ਵਿੱਚ ਥਾਂ ਬਣਾ ਲਈ ਹੈ।
ਸੀਨੀਅਰ ਮੈਡੀਕਲ ਅਫਸਰ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਸਕੂਲ ਤਾਂ ਤਕਰੀਬਨ ਸਾਰੇ ਹੀ 100 ਫੀਸਦੀ ਕਵਰ ਹੋ ਗਏ ਹਨ ਪਰ ਕੁਝ ਨਿੱਜੀ ਸਕੂਲਾਂ ਦੇ ਬੱਚੇ ਟੀਕਾਕਰਨ ਵੱਲੋਂ ਰਹਿ ਗਏ ਸਨ, ਜਿਨ੍ਹਾਂ ਦੇ ਵਿਰਵੇ ਬੱਚਿਆਂ ਦੀਆਂ ਸੂਚੀਆਂ ਲੈ ਕੇ ਪਿੰਡਾਂ ਵਿੱਚ ਵਿਸ਼ੇਸ਼ ਆਊਟਰੀਚ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਬਲਾਕ ਡਰੋਲੀ ਭਾਈ ਅਧੀਨ ਨੌ ਮਹੀਨੇ ਤੋਂ 15 ਸਾਲ ਤੱਕ ਦੇ ਕੁੱਲ 23581 ਬੱਚੇ ਹਨ, ਜਿਨ੍ਹਾਂ ਵਿੱਚੋਂ 21733 ਬੱਚਿਆਂ ਦਾ ਟੀਕਾਕਰਨ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਬਲਾਕ ਦੀਆਂ 21 ਟੀਮਾਂ ਵੱਲੋਂ 83 ਸਰਕਾਰੀ ਸਕੂਲਾਂ, ਇੱਕ ਸਹਾਇਤਾ ਪ੍ਰਾਪਤ ਸਕੂਲ ਅਤੇ 28 ਨਿੱਜੀ ਸਕੂਲਾਂ ਵਿੱਚ ਸੈਸ਼ਨ ਲਗਾਏ ਜਾ ਚੁੱਕੇ ਹਨ ਜਦਕਿ 43 ਪਿੰਡਾਂ ਤੇ 14 ਭੱਠਿਆਂ ‘ਤੇ ਸੈਸ਼ਨ ਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਕੂਲਾਂ ‘ਚ ਵਾਰ-ਵਾਰ ਸੈਸ਼ਨ ਲਾਏ ਗਏ ਤਦ ਜਾ ਕੇ ਬੱਚਿਆਂ ਦਾ ਟੀਕਾਕਰਨ ਹੋ ਸਕਿਆ । ਇਸ ਮੌਕੇ ਡਾ ਗਿੱਲ ਨੇ ਦੱਸਿਆ ਕਿ ਕੁਝ ਨਿੱਜੀ ਸਕੂਲਾਂ ‘ਚ ਸਿਹਤ ਵਿਭਾਗ ਦੀਆਂ ਟੀਮਾਂ ਨੁੰ ਦਿੱਕਤ ਆ ਰਹੀ ਸੀ, ਜਿਸਦਾ ਹੱਲ ਖੁਦ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਨਿੱਜੀ ਦਖਲ ਦੇ ਕੇ ਕੀਤਾ। ਡਾ ਗਿੱਲ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਅਤੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਸ਼ਰਾਰਤੀ ਕਿਸਮ ਦੇ ਲੋਕਾਂ ਵੱਲੋਂ ਫੈਲਾਈਆਂ ਅਫਵਾਹਾਂ ਕਾਰਨ ਲੋਕ ਗੁੰਮਰਾਹ ਹੋ ਗਏ ਸਨ, ਜਿਸ ਕਰਕੇ ਪਿੰਡਾਂ ਵਿੱਚ ਟੀਕਾਕਰਨ ਦੀ ਬਹੁਤ ਸਮੱਸਿਆ ਆ ਰਹੀ ਸੀ ਤੇ ਸਕੂਲ ਮੁਖੀਆਂ, ਅਧਿਆਪਕਾਂ ਤੇ ਸਰਪੰਚਾਂ ਵੱਲੋਂ ਉਸਾਰੂ ਰੋਲ ਨਿਭਾਇਆ ਗਿਆ।
ਕੈਪਸ਼ਨ: ਪਿੰਡ ਡਗਰੂ ਨੇੜੇ ਐਨ.ਕੇ. ਭੱਠੇ ‘ਤੇ ਪਰਵਾਸੀ ਮਜਦੂਰਾਂ ਦੇ ਬੱਚਿਆਂ ਦਾ ਡਾ ਇੰਦਰਵੀਰ ਗਿੱਲ ਦੀ ਅਗਵਾਈ ‘ਚ ਸਿਹਤ ਵਰਕਰ ਪਰਮਿੰਦਰ ਸਿੰਘ ਲੰਗੇਆਣਾ ਦੀ ਟੀਮ ਟੀਕਾਕਰਨ ਕਰਦੀ ਹੋਈ।