• Home
  • ਕੈਬਨਿਟ ਵੱਲੋਂ ਮੋਸੂਲ ਤਰਾਸਦੀ ਦੇ ਪੀੜਤ ਪਰਿਵਾਰਾਂ ਦੇ ਜੀਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਨੂੰ ਪ੍ਰਵਾਨਗੀ

ਕੈਬਨਿਟ ਵੱਲੋਂ ਮੋਸੂਲ ਤਰਾਸਦੀ ਦੇ ਪੀੜਤ ਪਰਿਵਾਰਾਂ ਦੇ ਜੀਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਨੂੰ ਪ੍ਰਵਾਨਗੀ

ਚੰਡੀਗੜ 8 ਅਪ੍ਰੈਲ (ਪਰਮਿੰਦਰ ਸਿੰਘ ਜੱਟਪੁਰੀ )
ਪੰਜਾਬ ਵਜ਼ਾਰਤ ਨੇ ਇਰਾਕ ਦੇ ਮੋਸੂਲ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਉਤੇ ਮਾਲੀ ਮਦਦ ਅਤੇ ਰੁਜ਼ਗਾਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਇੱਥੇ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।
ਸੂਬਾਈ ਸਰਕਾਰ ਨੇ ਇਰਾਕ 'ਚ ਮਾਰੇ ਗਏ ਵਿਅਕਤੀਆਂ ਦੇ ਇਕ ਆਸ਼ਰਿਤ ਨੂੰ ਉਸ ਦੀ ਵਿਦਿਅਕ ਯੋਗਤਾ ਅਤੇ ਸਰਕਾਰ ਦੀ ਨੀਤੀ ਮੁਤਾਬਕ ਨੌਕਰੀ ਦੇਣ ਤੋਂ ਇਲਾਵਾ ਪੰਜ ਲੱਖ ਰੁਪਏ ਐਕਸ-ਗ੍ਰੇਸ਼ੀਆ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਰੁਜ਼ਗਾਰ ਮੁਹੱਈਆ ਕਰਾਏ ਜਾਣ ਤਕ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਜਾਰੀ ਰੱਖਣ ਦਾ ਵੀ ਫ਼ੈਸਲਾ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ 26 ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਐਕਸ-ਗ੍ਰੇਸ਼ੀਆ ਦੇ ਹਿਸਾਬ ਨਾਲ ਮੁੱਖ ਮੰਤਰੀ ਰਾਹਤ ਕੋਸ਼ ਵਿੱਚੋਂ 1.30 ਕਰੋੜ ਰੁਪਏ ਪਹਿਲਾਂ ਦੀ ਜਾਰੀ ਕੀਤੇ ਜਾ ਚੁੱਕੇ ਹਨ। ਉਨ•ਾਂ ਦੱਸਿਆ ਕਿ ਰਿਕਾਰਡ ਮੁਤਾਬਕ ਇਰਾਕ ਵਿੱਚ ਮਾਰੇ ਗਏ ਇਕ ਵਿਅਕਤੀ ਦਾ ਕਾਨੂੰਨੀ ਤੌਰ 'ਤੇ ਕੋਈ ਵਾਰਿਸ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਰਾਕ ਵਿੱਚ ਮਾਰੇ ਗਏ ਪੰਜਾਬ ਦੇ 27 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦਾ ਕੇਸ ਸਰਕਾਰ ਦੀ ਨੀਤੀ ਦੇ ਘੇਰੇ ਵਿੱਚ ਨਹੀਂ ਆਉਂਦਾ ਸੀ, ਜਿਸ ਵਾਸਤੇ ਇਸ ਨੀਤੀ 'ਚ ਢਿੱਲ ਦੇਣ ਦੀ ਲੋੜ ਸੀ। ਪੀੜਤ ਪਰਿਵਾਰਾਂ ਦੇ ਦੁੱਖ ਅਤੇ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਨੇ 21 ਨਵੰਬਰ, 2002 ਵਿੱਚ ਨੋਟੀਫਾਈ ਕੀਤੀ ਗਈ ਸੂਬਾਈ ਸਰਕਾਰ ਦੀ ਮੌਜੂਦਾ ਨੀਤੀ ਵਿੱਚ ਢਿੱਲ ਦੇਣ ਦਾ ਫ਼ੈਸਲਾ ਕੀਤਾ। ਹਾਲਾਂਕਿ ਇਸ ਨੀਤੀ ਦੀਆਂ ਬਾਕੀ ਸ਼ਰਤਾਂ ਬਰਕਰਾਰ ਰਹਿਣਗੀਆਂ।
ਦੱਸਣਯੋਗ ਹੈ ਕਿ ਸਾਲ 2014 ਵਿੱਚ ਮੋਸੂਲ (ਇਰਾਕ) ਵਿੱਚ ਆਈ.ਐਸ.ਆਈ.ਐਸ. ਨੇ 39 ਭਾਰਤੀਆਂ ਨੂੰ ਅਗਵਾ ਕਰਕੇ ਹੱਤਿਆ ਕਰ ਦਿੱਤੀ ਸੀ। ਇਨ•ਾਂ ਦੀਆਂ ਮ੍ਰਿਤਕ ਦੇਹਾਂ ਨੂੰ ਜ਼ਮੀਨ ਵਿੱਚੋਂ ਕੱਢ ਕੇ ਡੀਐਨਏ ਟੈਸਟ ਕਰਾਏ ਗਏ ਸਨ ਅਤੇ ਇਸ ਬਾਅਦ 3 ਅਪਰੈਲ, 2018 ਨੂੰ 27 ਪੰਜਾਬੀਆਂ ਦੀਆਂ ਦੇਹਾਂ ਅੰਮ੍ਰਿਤਸਰ ਲਿਆਂਦੀਆਂ ਗਈਆਂ ਸਨ। ਇਹ ਮ੍ਰਿਤਕ ਪੰਜਾਬ ਦੇ ਅੱਠ ਜ਼ਿਲਿ•ਆਂ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਕਪੂਰਥਲਾ ਅਤੇ ਗੁਰਦਾਸਪੁਰ ਨਾਲ ਸਬੰਧਤ ਸਨ।