• Home
  • ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਾਹਕੋਟ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ, ਸਰਕਾਰ ਦੀਆਂ ਨੀਤੀਆਂ ਦੇ ਹੱਕ ’ਚ ਲੋਕਾਂ ਦਾ ਫਤਵਾ ਦੱਸਿਆ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਾਹਕੋਟ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ, ਸਰਕਾਰ ਦੀਆਂ ਨੀਤੀਆਂ ਦੇ ਹੱਕ ’ਚ ਲੋਕਾਂ ਦਾ ਫਤਵਾ ਦੱਸਿਆ

ਚੰਡੀਗੜ, 31 ਮਈ ( ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਉਪ-ਚੋਣ ’ਚ ਕਾਂਗਰਸ ਪਾਰਟੀ ਦੀ ਜਿੱਤ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਨਾਲ ਵਿਧਾਨ ਸਭਾ ਵਿੱਚ ਕਾਂਗਰਸ ਦਾ ਹੁਣ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਉਨਾਂ ਨੇ ਇਸ ਨਤੀਜੇ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਫਤਵਾ ਦੱਸਦੇ ਹੋਏ ਕਿਹਾ ਹੈ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨਾ-ਪੱਖੀ, ਫੁੱਟ ਪਾਊ ਤੇ ਘਿਰਣਾਮਈ ਸਿਆਸਤ ਨੂੰ ਰੱਦ ਕੀਤਾ ਅਤੇ ਆਮ ਆਦਮੀ ਪਾਰਟੀ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ।
ਕਾਂਗਰਸ ਪਾਰਟੀ ਦੇ ਹਰਦੇਵ ਸਿੰਘ ਲਾਡੀ ਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ ਵਿਰੁੱਧ ਹੂੰਝਾ ਫੇਰੂ ਜਿੱਤ ਤੋਂ ਬਾਅਦ ਇੱਕ ਬਿਆਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਕੋਟ ਦੇ ਲੋਕਾਂ ਨੇ ਹਾਂ-ਪੱਖੀ ਤਬਦੀਲੀ ਅਤੇ ਵਿਕਾਸ ਦੇ ਲਈ ਵੋਟ ਪਾਈ ਹੈ ਜਿਸ ਦੇ ਵਾਸਤੇ ਉਨਾਂ ਦੀ ਸਰਕਾਰ ਪੂਰੀ ਤਰਾਂ ਵਚਨਬੱਧ ਹੈ। ਇਸ ਉਪ-ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਨੇ ਆਪਣੇ ਨੇੜਲੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ 38,802 ਵੋਟਾਂ ਤੋਂ ਵੱਧ ਦੇ ਫਰਕ ਨਾਲ ਹਰਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਦਨ ਵਿੱਚ ਹੁਣ ਦੋ-ਤਿਹਾਈ ਬਹੁਮਤ ਹੋ ਜਾਣ ਕਾਰਨ ਉਨਾਂ ਦੀ ਸਰਕਾਰ ਬਿਨਾਂ ਕਿਸੇ ਨਕਾਰਾਤਮਕ ਵਿਰੋਧ ਦੇ ਡਰੋਂ ਅਤੇ ਅੜਿੱਕੇ ਤੋਂ ਬਿਨਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੋਈ ਵੀ ਕਾਨੂੰਨ ਲਿਆ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਹਾਰ ਇਹ ਦਰਸਾਉਂਦੀ ਹੈ ਕਿ ਉਹ ਲੋਕਾਂ ਵਿਚ ਆਪਣੀ ਸ਼ਾਖ ਪੂਰੀ ਤਰਾਂ ਗਵਾ ਚੁੱਕੀ ਹਨ, ਜੋ ਸ਼੍ਰੋਮਣੀ ਅਕਾਲੀ ਦਲ  ਭਾਜਪਾ ਦੇ ਦਸ ਸਾਲ ਦੇ ਕੁਸਾਸ਼ਨ ਦੌਰਾਨ ਹੰਢਾਏ ਦੁੱਖਾਂ ਅਤੇ ਪਰੇਸ਼ਾਨੀ ਨੂੰ ਨਹੀਂ ਭੁਲਣਾ ਚਾਹੁੰਦੇ ਅਤੇ ਨਾ ਹੀ ਉਹ ਇਨਾਂ ਨੂੰ ਮੁਆਫ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਮੁਹਿੰਮ ਦੇ ਸਮੁੱਚੇ ਸਮੇਂ ਦੌਰਾਨ ਸ਼ਾਹਕੋਟ ਵਿਚ ਡੇਰਾ ਲਾ ਕੇ ਬੈਠੇ ਰਹਿਣ ਦੇ ਬਾਵਜੂਦ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਵਾਡਿਓਂ ਰੱਦ ਕਰ ਦਿੱਤਾ ਹੈ।
ਚੋਣ ਨਤੀਜੇ ਦੇ ਐਲਾਨ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਮੁੱਚੇ ਦੇਸ਼ ਵਿਚ ਬੁਰੀ ਤਰਾਂ ਮੂੰਹ ਦੀ ਖਾਣੀ ਪਈ ਹੈ। ਇਸ ਨਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾ ਤੋਂ ਪਹਿਲਾਂ ਲੋਕਾਂ ਦੇ ਮਿਜ਼ਾਜ ਦਾ ਸਪੱਸ਼ਟ ਝਲਕਾਰਾ ਮਿਲਦਾ ਹੈ ਅਤੇ ਇਹ ਪਤਾ ਲਗਦਾ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਸੱਤਾ ਵਿਚ ਵਾਪਸ ਨਹੀਂ ਆਉਣਗੇ। ਉਨਾਂ ਕਿਹਾ ਕਿ ਕੇਂਦਰ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਰੁਝਾਨ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਲੋਕਾਂ ’ਤੇ ਮੋਦੀ ਦਾ ਜਾਦੂ ਇਤਿਹਾਸ ਬਣ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਜਮਹੂਰੀ ਸਿਧਾਂਤਾਂ ਦੀ ਘਿਣਾਉਨੀ ਉਲੰਘਣਾ ਦਾ ਸਿਹਰਾ ਉਨਾਂ ਸਿਰ ਜਾਂਦਾ ਹੈ ਅਤੇ ਉਨਾਂ ਨੇ ਵਿੰਗੇ-ਟੇਡੇ ਢੰਗ ਨਾਲ ਸੱਤਾ ਪਾਉਣ ਦੀ ਲਾਲਸਾ ਕਾਰਨ ਆਪਣੀ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ, ਮੁਲਕ ਦੇ ਸਿਆਸੀ ਪਿੜ ਵਿੱਚ ਇਸ ਪਾਰਟੀ ਦਾ ਕੋਈ ਵਜੂਦ ਨਹੀਂ ਰਹਿ ਗਿਆ। ਉਨਾਂ ਕਿਹਾ ਕਿ ਸ਼ਾਹਕੋਟ ਦੇ ਚੋਣ ਨਤੀਜਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਆਪ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਦੀਆਂ ਨੌਟੰਕੀਆਂ ਤੇ ਚਾਲਬਾਜ਼ੀਆਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਨਾਕਾਮ ਸਾਬਤ ਹੋਈਆਂ ਹਨ। ਮੁੱਖ ਮੰਤਰੀ ਨੇ ਜ਼ਿਮਨੀ ਚੋਣ ਵਿੱਚ ਸਿਰਫ 1900 ਵੋਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸਲਾਹ ਦਿੱਤੀ ਕਿ ਚੋਣਾਂ ਵਿੱਚ ਵਾਰ-ਵਾਰ ਹਾਰ ਦੇ ਝਟਕੇ ਸਹਿਣ ਨਾਲੋਂ ਉਸ ਨੂੰ ਬੋਰੀ-ਬਿਸਤਰਾ ਗੋਲ ਕਰਕੇ ਪੰਜਾਬ ’ਚੋਂ ਬਾਹਰ ਹੋ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਸ਼ਾਹਕੋਟ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਵਿਰੋਧੀਆਂ ਦੇ ਕੂੜ ਪ੍ਰਚਾਰ ਨੂੰ ਮੁੱਢੋਂ ਨਾਕਾਰ ਕੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਵਿੱਚ ਮੁੜ ਭਰੋਸਾ ਪ੍ਰਗਟ ਕੀਤਾ ਹੈ। ਉਨਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਅਤੇ ਉਨਾਂ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਮਾਂਤ ਤੇ ਛੋਟੇ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕਰਨ ਦੀ ਪ੍ਰਿਆ ਇਸ ਸਾਲ ਨਵੰਬਰ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਅਮਨ-ਕਾਨੂੰਨ ਦੀ ਵਿਵਸਥਾ ਵਿੱਚ ਵੱਡਾ ਸੁਧਾਰ ਹੋਇਆ ਹੈ ਅਤੇ ਇਸ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਪ੍ਰਿਆ ਵੀ ਲੀਹ ’ਤੇ ਹੈ ਅਤੇ ਬੀਤੇ ਇਕ ਸਾਲ ਵਿੱਚ 1.6 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨਾਂ ਨੇ ‘ਘਰ ਘਰ ਰੁਜ਼ਗਾਰ’ ਦੇ ਵਾਅਦੇ ਨੂੰ ਹਰ ਹਾਲ ਵਿੱਚ ਪੂਰਾ ਕਰਨ ਦਾ ਯਕੀਨ ਦਿਵਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਪਾਰਟੀ ਦੀ ਚੋਣ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਲੀਡਰਾਂ ਤੇ ਵਰਕਰਾਂ ਖਾਸ ਤੌਰ ’ਤੇ ਚੋਣ ਮੁਹਿੰਮ ਦੇ ਮੁਖੀ ਰਾਣਾ ਗੁਰਜੀਤ ਸਿੰਘ ਅਤੇ ਚੋਣ ਦਫ਼ਤਰ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਆਪਹੁਦਰੀ ਮੁਹਿੰਮ ਦਾ ਡਟ ਕੇ ਸਾਹਮਣਾ ਕੀਤਾ।
   ------------------------