• Home
  • ਕੁਮਾਰਸਵਾਮੀ ਅੱਜ ਕਰਨਗੇ ਵਿਧਾਨ ਸਭਾ ਵਿਚ ਬਹੁਮਤ ਸਾਬਤ

ਕੁਮਾਰਸਵਾਮੀ ਅੱਜ ਕਰਨਗੇ ਵਿਧਾਨ ਸਭਾ ਵਿਚ ਬਹੁਮਤ ਸਾਬਤ

ਕਰਨਾਟਕ - (ਖ਼ਬਰ ਵਾਲੇ ਬਿਊਰੋ) ਵਿਧਾਨ ਸਭਾ ਵਿਚ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਦੇ ਬਹੁਮਤ ਪਰਖ ਦੇ ਇੱਕ ਦਿਨ ਪਹਿਲਾਂ ਵੀ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਦੇ ਵਿਧਾਇਕ ਹੋਟਲ ਵਿਚ ਰੱਖਿਆ ਗਿਆ। ਬੀਤੀ 15 ਨੂੰ ਰਾਜ ਦੀ ਜਨਤਾ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਖੰਡਿਤ ਫ਼ਤਵਾ ਦਿੱਤੇ ਜਾਣ ਤੋਂ ਬਾਅਦ ਤੋਂ ਹੀ ਦੋਵੇਂ ਪਾਰਟੀਆਂ ਦੇ ਵਿਧਾਇਕ ਹੋਟਲ ਵਿਚ ਹਨ। ਕਰਨਾਟਕ ਵਿਚ ਰਾਜਨੀਤਕ ਸੰਕਟ ਪੈਦਾ ਹੋਣ ਮਗਰੋਂ ਪਿਛਲੇ ਨੌਂ ਦਿਨ ਤੋਂ ਆਲੀਸ਼ਾਨ ਰਿਜ਼ਾਰਟ ਅਤੇ ਹੋਟਲ ਵਿਚ ਰਹਿ ਰਹੇ ਵਿਧਾਇਕ ਆਪਣੇ ਪਰਵਾਰਾਂ ਤੋਂ ਦੂਰ ਹਨ ਅਤੇ ਆਪਣੀ ਪ੍ਰੇਸ਼ਾਨੀ ਭਰੇ ਦਿਨ ਖ਼ਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਖ਼ਬਰਾਂ ਹਨ ਕਿ ਇਨ੍ਹਾਂ ਵਿਧਾਇਕਾਂ ਦੀ ਫ਼ੋਨ ਤਕ ਵੀ ਪਹੁੰਚ ਨਹੀਂ ਹੈ ਕਿ ਉਹ ਆਪਣੇ ਘਰ ਵਾਲਿਆਂ ਦੇ ਸੰਪਰਕ ਵਿਚ ਰਹਿ ਸਕਣੇ ਪਰ ਕਾਂਗਰਸ ਅਤੇ ਜੇਡੀਐਸ ਦੇ ਨੇਤਾ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰ ਰਹੇ ਹਨ। ਖ਼ਬਰਾਂ ਮੁਤਾਬਿਕ ਵਿਧਾਇਕਾਂ ਨੇ ਘੱਟੋ ਘੱਟ ਇੱਕ ਦਿਨ ਲਈ ਆਪਣੇ ਘਰ ਜਾਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਗਈ।   ਵਿਧਾਇਕਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਹੈ। ਕਿਸੇ ਰਾਜਨੀਤਕ ਪਾਰਅੀ ਜਾਂ ਚੋਣ ਪੂਰਬਲੇ ਗਠਜੋੜ ਨੂੰ ਸਪੱਸ਼ਟ ਬਹੁਮਤ ਨਾ ਮਿਲ ਸਕਣ ਕਾਰਨ ਕਾਂਗਰਸ ਅਤੇ ਜੇਡੀਐਸ ਨੇ ਚੋਣ ਮਗਰੋਂ ਗਠਜੋੜ ਬਣਾਇਆ ਅਤੇ ਕੁਮਾਰਸਵਾਮੀ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਕੁਮਾਰਸਵਾਮੀ ਨੂੰ ਅੱਜ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨਾ ਪਵੇਗਾ।  ਉਮੀਦ ਹੈ ਕਿ ਉਹ ਬਹੁਮਤ ਸਾਬਤ ਕਰ ਦੇਣਗੇ। ਫ਼ਿਲਹਾਲ ਕੋਈ ਜੋਖ਼ਮ ਨਾ ਉਠਾਉਂਦਿਆਂ ਕਾਂਗਰਸ ਨੇ ਆਪਣੇ ਵਿਧਾਇਕਾਂ ਨੂੰ ਹਿਲਟਨ ਅੰਬੈਸੀ ਗੋਲਫ਼ਲਿੰਕਸ ਵਿਚ ਰੱਖਿਆ ਹੈ ਜਦਕਿ ਜੇਡੀਐਸ ਨੇ ਆਪਣੇ ਵਿਧਾਇਕਾਂ ਨੂੰ ਬੰਗਲੌਰ ਦੇ ਬਾਹਰੀ ਇਲਾਕੇ ਦੇ ਪ੍ਰੈਸਟੀਜ਼ ਗੋਲਫ਼ਸ਼ਾਇਰ ਰਿਜ਼ਾਰਟ ਵਿਚ ਰੱਖਿਆ ਹੈ।