• Home
  • ਕੀ ਭਗਵੰਤ ਮਾਨ ਬਠਿੰਡਾ ਤੋਂ ਕਾਂਗਰਸ ਦੀ ਲੋਕ ਸਭਾ ਸੀਟ ਲੜਨਗੇ…?ਅਟਕਲਾਂ ਦਾ ਬਾਜ਼ਾਰ ਗਰਮ

ਕੀ ਭਗਵੰਤ ਮਾਨ ਬਠਿੰਡਾ ਤੋਂ ਕਾਂਗਰਸ ਦੀ ਲੋਕ ਸਭਾ ਸੀਟ ਲੜਨਗੇ…?ਅਟਕਲਾਂ ਦਾ ਬਾਜ਼ਾਰ ਗਰਮ

ਚੰਡੀਗੜ੍ਹ 21ਮਈ-(ਪਰਮਿੰਦਰ ਸਿੰਘ ਜੱਟਪੁਰੀ)

ਪੰਜਾਬ ਵਿੱਚ ਪਿਛਲੇ ਸਾਢੇ ਕੁ ਚਾਰ ਵਰ੍ਹੇ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜਵਾਰਭਾਟੇ ਵਾਂਗ ਆਈ "ਆਮ ਆਦਮੀ ਪਾਰਟੀ" ਥੋੜ੍ਹੇ ਜਿਹੇ ਸਮੇਂ ਚ ਹੀ ਆਪਣੀ ਹੋਂਦ ਗਵਾਉਂਦੀ ਨਜ਼ਰ ਆ ਰਹੀ ਹੈ।ਭਾਵੇਂ ਪਿਛਲੇ ਸਮੇਂ ਦੌਰਾਨ ਹੇਠਲੀ ਕਤਾਰ ਦੇ ਨੇਤਾ ਪੰਜਾਬ ਦੀਆਂ ਦੋ ਪ੍ਰਮੁੱਖ ਧਿਰਾਂ ਅਕਾਲੀ ਦਲ ਤੇ ਕਾਂਗਰਸ ਚ ਸ਼ਾਮਲ ਹੁੰਦਿਆਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ।ਪਰ ਪਿਛਲੇ ਦੋ ਮਹੀਨਿਆਂ ਤੋਂ  ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਚੋਣ ਲੜਨ ਵਾਲੇ ਡਾ ਅਮਰਜੀਤ ਸਿੰਘ ਥਿੰਦ ਤੋਂ ਇਲਾਵਾ ਦੁਆਬੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰ ਹਰਕ੍ਰਿਸ਼ਨ ਵਾਲੀਆ ,ਸੀਡੀ ਕੰਬੋਜ ,ਆਦਮਪੁਰ ਤੋਂ ਹੰਸ ਰਾਜ ਰਾਣਾ ਆਦਿ ਨੇ "ਆਪ "ਨੂੰ ਬਾਏ -ਬਾਏ ਕਰਕੇ ਸੁਖਬੀਰ ਸਿੰਘ ਬਾਦਲ ਦੀ ਤੱਕੜੀ ਦੇ ਵਿੱਚ ਪਲਟੀ ਮਾਰ ਲਈ ਹੈ ਜਦ ਕਿ ਇੱਕ ਮਹਿਲਾ ਉਮੀਦਵਾਰ ਪਰਮਜੀਤ ਕੌਰ ਹਰਿਆਓ ਵੀ ਆਮ ਆਦਮੀ ਨੂੰ ਛੱਡਕੇ ਅਨੁਸੂਚਿਤ ਜਾਤੀਆਂ ਲਈ ਬਣਾਏ ਗਏ ਰਾਸ਼ਟਰੀ ਪੱਧਰ ਦੇ ਇੱਕ ਗਰੁੱਪ ਨਾਲ ਰਲ ਚੁੱਕੀ ਹੈ ।ਪਰ ਇੱਕ -ਇੱਕ ਕਰਕੇ  ਉਮੀਦਵਾਰਾਂ ਵੱਲੋਂ "ਆਪ" ਨੂੰ ਛੱਡਣਾ ਆਪ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ।

ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੱਡੇ ਥੰਮ ਵੀ ਡਿੱਗ ਜਾਣ ਦੀਆਂ ਚਰਚਾਵਾਂ ਪੂਰੇ ਜੋਰਾਂ ਤੇ ਹਨ ਭਾਵੇਂ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ ਸਭਾ ਚੋਣਾਂ ਸਮੇਂ ਤੋਂ ਜੜ੍ਹਾਂ ਲਾਉਣ ਵਾਲਾ  ਪ੍ਰਸਿੱਧ ਕਮੇਡੀਅਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਹੈ । ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਏ  ਤੋਂ ਡਰੱਗ ਕੇਸ ਵਿੱਚ ਮਾਫੀ ਮੰਗਣ ਤੋਂ ਇਲਾਵਾ ਪੰਜਾਬ ਦੇ ਹੋਰ  ਵੱਖ ਵੱਖ ਮਸਲਿਆਂ ਚ ਦਖਲ ਦੇਣਾ ਆਦਿ ਤੋਂ ਔਖੇ ਹਨ । ਇਹੋ ਹੀ ਮੁੱਖ ਕਾਰਨ ਹੈ ਕਿ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੀਆਂ ਬਹੁਤ ਸਾਰੇ ਪ੍ਰੋਗਰਾਮਾਂ ਤੋਂ ਦੂਰੀ ਹੀ ਬਣਾਈ ਰੱਖੀ ਹੋਈ ਹੈ। ਅੱਜ ਕੱਲ੍ਹ ਵੀ ਉਹ ਸ਼ਾਹਕੋਟ ਦੀ ਜ਼ਿਮਨੀ ਚੋਣ ਨੂੰ ਛੱਡ ਕੇ ਵਿਦੇਸ਼ ਬੈਠੇ ਹੋਏ ਹਨ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ  ਪੰਜਾਬ ਦੀਆਂ ਤੇਰਾਂ ਸੀਟਾਂ ਚੋਂ ਅੱਧੀ ਦਰਜਨ ਦੇ ਕਰੀਬ ਸੀਟਾਂ ਤੇ  ਆਉਂਦੀਆਂ ਲੋਕ ਸਭਾ ਚੋਣਾਂ ਚ ਨੌਜਵਾਨ ਅਤੇ ਨਵੇਂ ਚਿਹਰੇ ਭਾਲੇ ਜਾ ਰਹੇ ਹਨ ।

ਇਹ ਵੀ ਪਤਾ ਲੱਗਾ ਹੈ ਕਿ ਕਾਂਗਰਸ ਪਾਸ ਬਠਿੰਡਾ ਤੋਂ ਕੋਈ ਉਮੀਦਵਾਰ ਨਹੀਂ ਹੈ ਅਤੇ ਬਠਿੰਡਾ ਸੀਟ ਤੋਂ ਭਗਵੰਤ ਮਾਨ ਨਾਲ ਸੌਦੇ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ।ਕਿਉਂਕਿ ਭਗਵੰਤ ਮਾਨ ਤੋਂ ਤਕੜਾ ਉਮੀਦਵਾਰ ਹੋਰ ਕੋਈ ਨਹੀਂ ਹੈ ਜਿਹੜਾ ਕਿ ਬਾਦਲ ਪਰਿਵਾਰ ਨੂੰ ਬਠਿੰਡੇ ਹਲਕੇ ਤੋਂ ਜਿੱਤ ਸਕੇ । ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਦੀਆਂ ਦੋ ਮੰਤਰੀਆਂ ਨੇ ਭਗਵੰਤ ਮਾਨ ਦੀ ਰਾਹੁਲ ਗਾਂਧੀ ਪਾਸ ਵਿਚੋਲਗੀ ਵੀ ਕੀਤੀ ਹੈ । ਹੁਣ ਇਹ ਦੇਖਣਾ ਹੋਵੇਗਾ ਕਿ  ਅਟਕਲਾਂ ਦੇ ਬਾਜ਼ਾਰ ਚ ਕਿੰਨੀ ਕੁ ਸੱਚਾਈ ਹੈ । ਜੇਕਰ ਸੱਚਮੁੱਚ ਭਗਵੰਤ ਮਾਨ ਦਾ ਬਠਿੰਡਾ ਸੀਟ ਤੇ ਕਾਂਗਰਸ ਨਾਲ ਸੌਦਾ ਤੈਅ ਹੁੰਦਾ ਹੈ ਤਾਂ ਉਹ ਕਿੰਨੇ ਕੁ ਆਪ ਦੇ ਨੇਤਾ ਕਾਂਗਰਸ ਵੱਲ ਲੈ ਡਿਗਣਗੇ ।