• Home
  • ਕਿਸਾਨ ਨੀਤੀ ਬਾਰੇ ਕਿਸਾਨ,ਆਰਥਿਕ ਮਾਹਿਰ ਤੇ ਜਥੇਬੰਦੀਆਂ ਖੁੱਲ੍ਹ ਕੇ ਵਿਚਾਰ ਦੇਣ ਡਾ: ਬਲਵਿੰਦਰ ਸਿੰਘ ਸਿੱਧੂ

ਕਿਸਾਨ ਨੀਤੀ ਬਾਰੇ ਕਿਸਾਨ,ਆਰਥਿਕ ਮਾਹਿਰ ਤੇ ਜਥੇਬੰਦੀਆਂ ਖੁੱਲ੍ਹ ਕੇ ਵਿਚਾਰ ਦੇਣ ਡਾ: ਬਲਵਿੰਦਰ ਸਿੰਘ ਸਿੱਧੂ

ਲ਼ੁਧਿਆਣਾ 12 ਜੂਨ:-(ਖ਼ਬਰ ਵਾਲੇ ਬਿਊਰੋ )ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਤੇ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਮੈਂਬਰ ਸਕੱਤਰ ਡਾ: ਬਲਵਿੰਦਰ ਸਿੰਘ ਸਿੱਧੂ ਨੇ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਬੁੱਧੀਜੀਵੀਆਂ ਨਾਲ ਪੰਜਾਬ ਰਾਜ ਕਿਸਾਨ ਨੀਤੀ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਆਜ਼ਾਦੀ ਦੇ 71 ਸਾਲਾਂ ਬਾਦ ਸਾਨੂੰ ਇਸ ਗੱਲ ਦੀ ਵਿਉਂਤਕਾਰੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਕਿਸਾਨ ਲਈ ਖੇਤੀ ਲਾਹੇਵੰਦ ਕਿੱਤਾ ਕਿਵੇਂ ਬਣੇ। ਉਨ੍ਹਾਂ ਕਿਹਾ ਕਿ ਖੇਤੀ ਉਪਜ ਵਿੱਚ ਆਈ ਖੜੋਤ ਕਾਰਨ ਹੀ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਨੇ ਚੇਅਰਮੈਨ ਅਜੈਵੀਰ ਜਾਖੜ ਦੀ ਅਗਵਾਈ ਚ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਮਰਜੀਤ ਸਿੰਘ ਨੰਦਾ ਨੂੰ ਸ਼ਾਮਿਲ ਕਰਕੇ ਨੀਤੀ ਮਸੌਦਾ ਤਿਆਰ ਕਰਕੇ ਲੋਕ ਵਿਚਾਰ ਲਈ ਪੇਸ਼ ਕੀਤਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਤੇ ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀਬਾੜੀ ਉੱਪਰ ਗੁਜ਼ਾਰਾ ਕਰਦੀ 20ਫੀ ਸਦੀ ਆਬਾਦੀ ਲਈ ਗੈਰ ਖੇਤੀ ਆਧਾਰਿਤ ਰੁਜ਼ਗਾਰ ਮੌਕੇ ਪੈਦਾ ਕਰਨਾ ਖੇਤੀ ਨੂੰ ਟਿਕਾਊ ਬਣਾਉਣ ਲਈ ਬੇਹੱਦ ਜ਼ਰੂਰੀ ਹੈ।
ਡਾ: ਬਲਵਿੰਦਰ ਸਿੰਘ ਸਿੱਧੂ ਨੇ ਪੰਜਾਬ ਖੇਤੀ ਯੂਨੀਵਰਸਿਟੀ ਨਾਲ ਮਿਲ ਕੇ ਜਲ ਸੋਮਿਆਂ ਦੀ ਬੱਚਤ ਸਬੰਧੀ ਸਾਹਿੱਤਕ ਰਚਨਾਵਾਂ ਤੇ ਗੀਤਾਂ ਰਾਹੀਂ ਪ੍ਰੋ: ਗੁਰਭਜਨ ਗਿੱਲ ਵੱਲੋਂ ਲਗਾਤਾਰ ਪਾਏ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾ: ਅਨਿਲ ਸ਼ਰਮਾ ਦੀ ਅਗਵਾਈ ਹੇਠ ਜਿਹੜੇ ਵਿਦਿਆਰਥੀਆਂ ਨੇ ਜਲ ਸੋਮਿਆਂ ਦੀ ਬੱਚਤ ਲਈ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਪੰਜਾਬ ਰਾਜ ਕਿਸਾਨ ਤੇ ਖੇਤੀ ਕਮਿਸ਼ਨ ਵੱਲੋਂ ਚੇਅਰਮੈਨ ਸਾਹਿਬ ਪਾਸੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਡਾ: ਬਲਵਿੰਦਰ ਸਿੰਘ ਸਿੱਧੂ ਨੂੰ ਗੁਰਭਜਨ ਗਿੱਲ ਤੇ ਪ੍ਰੋ: ਰਵਿੰਦਰ ਭੱਠਲ ਨੇ ਸਨਮਾਨਿਤ ਕੀਤਾ। ਡਾ: ਸਿੱਧੂ ਨੇ ਇਸ ਮੌਕੇ ਪੰਜਾਬ ਰਾਜ ਕਿਸਾਨ ਨੀਤੀ ਦੇ ਪ੍ਰਸਤਾਵਿਤ ਖ਼ਰੜੇ ਦੀਆਂ ਕੁਝ ਕਾਪੀਆਂ ਬੁੱਧੀਜੀਵੀਆਂ ਨੂੰ ਭੇਂਟ ਕੀਤੀਆਂ।