• Home
  • ਕਿਸਾਨਾਂ ਦੇ ਮਖੌਟੇ ਹੇਠ ਸੜਕਾਂ ਤੇ ਅੱਜ ਫਿਰ ਗੁੰਡਾਗਰਦੀ -ਕਈ ਥਾਈਂ ਦੁੱਧ ਸੜਕਾਂ ਤੇ ਡੋਲਿਆ -ਸਬਜ਼ੀਆਂ ਦਾ ਟਰੱਕ ਲੁੱਟਣ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਕਿਸਾਨਾਂ ਦੇ ਮਖੌਟੇ ਹੇਠ ਸੜਕਾਂ ਤੇ ਅੱਜ ਫਿਰ ਗੁੰਡਾਗਰਦੀ -ਕਈ ਥਾਈਂ ਦੁੱਧ ਸੜਕਾਂ ਤੇ ਡੋਲਿਆ -ਸਬਜ਼ੀਆਂ ਦਾ ਟਰੱਕ ਲੁੱਟਣ ਵਾਲਿਆਂ ਵਿਰੁੱਧ ਮੁਕੱਦਮਾ ਦਰਜ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )
ਦੇਸ਼ ਦਾ ਅੱਜ ਵੀ ਅੰਨ ਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਕੀ ਸੱਚਮੁੱਚ ਖੂੰਖਾਰ ਹੋ ਜਾਵੇਗਾ ?
ਪਰ ਅਸਲ ਵਿੱਚ ਕਿਸਾਨ ਖੂੰਖਾਰ ਨਹੀਂ ਸਗੋਂ ਉਸ ਦਾ ਚਿਹਰਾ ਖੂੰਖਾਰ  ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਕਿਸਾਨਾਂ ਦੇ ਮਖੌਟੇ ਹੇਠ ਬਰਨਾਲਾ- ਲੁਧਿਆਣਾ ਰਾਜ ਮਾਰਗ ਤੇ ਪਿੰਡ ਵਜੀਦਕੇ ਦੇ ਕੁਝ ਅਨਸਰਾਂ ਨੇ ਪਿੰਡਾਂ ਚੋਂ ਦੁੱਧ ਇਕੱਠਾ ਕਰਕੇ ਲੈ ਕੇ ਜਾ ਰਹੇ ਡੇਅਰੀ ਮਾਲਕਾਂ ਤੇ ਹਮਲਾ ਕਰਕੇ ਉਨ੍ਹਾਂ ਤੋਂ ਦੁੱਧ ਖੋਹ ਲਿਆ ਜੋ ਕਿ ਸੜਕ ਤੇ ਵਹਾ ਦਿੱਤਾ ।
ਇਸੇ ਦੌਰਾਨ ਸ਼ਾਹਕੋਟ ਵਿਖੇ ਵੀ ਲੋਕਾਂ ਨੇ ਦੋਧੀਆਂ ਨੂੰ ਘੇਰ ਕੇ ਉਨ੍ਹਾਂ ਦਾ ਵੀ ਦੁੱਧ ਸੜਕਾਂ ਤੇ ਡੋਲ੍ਹ ਦਿੱਤਾ ।
ਮੁਕਤਸਰ ਇਲਾਕੇ ਚ ਦੋ ਸਬਜ਼ੀ ਵੇਚਣ ਵਾਲੇ ਕਿਸਾਨਾਂ ਨੂੰ ਉੱਥੇ ਕੁਝ ਲੋਕਾਂ ਨੇ ਅਗਵਾ ਕਰ ਲਿਆ ਅਤੇ ਉਨ੍ਹਾਂ ਦੀ ਸਬਜ਼ੀ ਨਹਿਰ ਵਿੱਚ ਸੁੱਟ ਦਿੱਤੀ ਬਾਅਦ ਵਿਚ ਉਨ੍ਹਾਂ ਕਿਸਾਨਾਂ ਨੂੰ ਦੋ ਘੰਟੇ ਬਾਅਦ ਗਾਲੀ ਗਲੋਚ ਦੇ ਕੇ ਛੱਡਿਆ ।
ਹੁਸ਼ਿਆਰਪੁਰ ਚ ਵੀ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਦੁੱਧ ਉਤਪਾਦਕਾਂ ਦਰਮਿਆਨ ਹੱਥੋਪਾਈ ਤੱਕ ਨੌਬਤ ਆ ਗਈ ਸੀ ਜਿਸ ਨੂੰ ਪੁਲਸ ਨੇ ਵਿੱਚ ਪੈ ਕੇ ਟਾਲ ਦਿੱਤਾ ।
ਫ਼ਾਜ਼ਿਲਕਾ ਵਿਖੇ ਆਪਣੇ ਘਰਾਂ ਨੂੰ ਲੋਕ ਸਬਜ਼ੀਆਂ ਲੈ ਕੇ ਜਾ ਰਹੇ ਸਨ ਤਾਂ ਉਨ੍ਹਾਂ ਤੋ ਨੌਜਵਾਨਾਂ ਦੇ ਝੁੰਡ ਨੇ ਸਬਜ਼ੀਆਂ ਖੋਹ ਲਈਆਂ ਤੇ ਫਰਾਰ ਹੋ ਗਏ ।
ਲੁਧਿਆਣਾ ਦੇ ਕਸਬਾ ਦੋਰਾਹਾ ਵਿਖੇ ਕੁਝ ਲੋਕਾਂ ਵੱਲੋਂ ਦੋਧੀ ਦਾ ਦੁੱਧ ਡੋਲਣ ਤੇ ਉਸ ਵੱਲੋਂ ਗੋਲੀ ਚਲਾ ਦਿੱਤੀ ਗਈ ।ਇਸ ਸਬੰਧ ਵਿੱਚ ਗੋਲੀ ਚਲਾਉਣ ਵਾਲੇ ਗੁਰਦੀਪ ਸਿੰਘ ਤੇ ਉਸ ਦੇ ਦੋਸਤ ਸੁਰਿੰਦਰ ਸਿੰਘ ਵਿਰੁੱਧ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਚੰਡੀਗੜ੍ਹ ਲੁਧਿਆਣਾ ਮਾਰਗ ਤੇ ਕੁਹਾੜਾ ਚੌਕ ਨੇੜੇ ਦਿੱਤੇ ਗਏ ਧਰਨੇ ਦੌਰਾਨ ਉਨ੍ਹਾਂ ਵੱਲੋਂ ਇੱਕ ਪ੍ਰਾਈਵੇਟ ਕੰਪਨੀ ਦੀ ਦੁੱਧ ਸਪਲਾਈ ਕਰਨ ਵਾਲੀ ਗੱਡੀ ਨੂੰ ਰੋਕ ਕੇ ਉਸ ਵਿਚੋਂ ਦੁੱਧ ਦੇ ਪੈਕਟਾਂ ਨੂੰ ਲੋਕਾਂ ਵਿੱਚ ਵੰਡ ਦਿੱਤਾ ।
ਸਬਜ਼ੀਆਂ ਨਾਲ ਭਰਿਆ ਰਿਲਾਇੰਸ ਕੰਪਨੀ ਦਾ ਟਰੱਕ ਲੁੱਟਿਆ -15 ਵਿਰੁੱਧ ਕੇਸ ਦਰਜ
ਮਾਨਸਾ( ਖ਼ਬਰ ਵਾਲੇ ਬਿਊਰੋ )ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਚ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਵਲੋ ਰਿਲਾਇੰਸ ਕੰਪਨੀ ਦਾ ਫਲ ਤੇ ਸਬਜ਼ੀਆਂ ਦਾ ਭਰਿਆ ਟਰੱਕ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਿਆ ਹੈ ਕਿ ਪ੍ਰਦਰਸ਼ਨਕਾਰੀ ਟਰੱਕ ਨੂੰ ਜ਼ਬਰਦਸਤੀ ਗੁਰਦੁਆਰਾ ਸਾਹਿਬ ਨੇੜੇ ਲੈ ਗਏ । ਜਿੱਥੇ ਉਹਦਾ ਦੇ ਡਰਾਈਵਰ ਨਾਲ ਹੱਥੋਪਾਈ ਕੀਤੀ ਤੇ ਬਾਅਦ ਵਿੱਚ ਲੋਕਾਂ ਨੂੰ ਫਲ ਤੇ ਸਬਜ਼ੀਆਂ ਵੰਡ ਦਿੱਤੀ ।ਇਸ ਟਰੱਕ ਵਿੱਚ ਪੰਜ ਤੋਂ ਛੇ ਲੱਖ ਰੁਪਏ ਦੀ ਕੀਮਤ ਦੀ ਸਬਜ਼ੀਆਂ ਤੇ ਫਲ ਸਨ। ਦੂਜੇ ਪਾਸੇ ਪੁਲਿਸ ਨੇ ਡਰਾਈਵਰ ਦੇ ਬਿਆਨਾਂ ਤੇ ਪੰਦਰਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ।ਇਸ ਸਮੇਂ ਪੁਲਿਸ ਨੇ ਪਿਛਲੇ ਦੋ ਦਿਨਾਂ ਤੋਂ ਪਿੰਡ ਰਾਮਸਰਾਂ ਕੋਲ ਫ਼ਲਾਂ ਤੇ ਸਬਜ਼ੀਆਂ ਦੇ ਦੋ ਟਰੱਕ ਜੋ ਕਿ ਫੜੇ ਹੋਏ ਸਨ ,ਉਨ੍ਹਾਂ ਨੂੰ ਮੁਕਤ ਕਰਵਾਇਆ ।