• Home
  • ਕਿਸਾਨਾਂ ਦਾ ਸੰਘਰਸ਼ ਬਿਨਾਂ ਮੂੰਹ- ਮੱਥੇ ਤੋਂ ਅੱਧ ਵਿਚਕਾਰੋਂ ਟੁੱਟਿਆ, ਛੋਟਾ ਕਿਸਾਨ ਹੋਰ ਲਤਾੜਿਆ ਗਿਆ

ਕਿਸਾਨਾਂ ਦਾ ਸੰਘਰਸ਼ ਬਿਨਾਂ ਮੂੰਹ- ਮੱਥੇ ਤੋਂ ਅੱਧ ਵਿਚਕਾਰੋਂ ਟੁੱਟਿਆ, ਛੋਟਾ ਕਿਸਾਨ ਹੋਰ ਲਤਾੜਿਆ ਗਿਆ

-ਪਰਮਿੰਦਰ ਸਿੰਘ ਜੱਟਪੁਰੀ -

ਚੰਡੀਗੜ੍ਹ -;ਬਿਨਾਂ ਮੂੰਹ ਮੱਥੇ ਤੋਂ ;ਕਿਸਾਨਾਂ ਦਾ ਕੇਂਦਰ ਸਰਕਾਰ ਵਿਰੁੱਧ ਦਸ ਰੋਜ਼ਾ" ਪਿੰਡ ਬੰਦ ਕਰੋ" ਦਾ ਸੰਘਰਸ਼ ਅੱਧ ਵਿਚਾਲੇ ਟੁੱਟ ਗਿਆ ਹੈ ।ਬਿਨਾਂ ਵਿਉਂਤਬੰਦੀ ਤੋਂ ਐਲਾਨੇ ਗਏ ਇਸ ਸੰਘਰਸ਼ ਨਾਲ ਕੇਂਦਰ ਸਰਕਾਰ ਤੇ ਬਹੁਤਾ ਕੋਈ ਅਸਰ ਨਹੀਂ ਪਿਆ ,ਸਗੋਂ ਹੇਠਲੀ ਸ਼੍ਰੇਣੀ ਦਾ ਕਿਸਾਨ ਜਿਹੜਾ ਕਿ ਥੋੜ੍ਹੀ ਜ਼ਮੀਨ ਹੋਣ ਕਾਰਨ  ਸਬਜ਼ੀਆਂ ਬੀਜ ਜਾਂ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਸੀ ਦਾ ਲੱਕ ਹੋਰ ਟੁੱਟ ਗਿਆ । ਪੰਜ ਦਿਨ ਦੇ ਚੱਲੇ ਇਸ ਸੰਘਰਸ਼ ਚ ਜੇਕਰ ਪੰਜਾਬ ਦੇ ਹਾਲਾਤਾਂ  ਦੀ ਗੱਲ ਕਰੀਏ ਤਾਂ ਪੰਜਾਬ ਚ ਇਹ ਸਭ ਕੁਝ ਸਾਹਮਣੇ ਆਇਆ ਕਿ ਕਈ ਰਾਜਸੀ ਆਗੂਆਂ ਨੇ ਇਸ ਸੰਘਰਸ਼ ਤੇ ਰੋਟੀਆਂ ਵੀ ਸੇਕੀਆਂ ਤੇ ਦੁਜੇ ਪਾਸੇ ਕਿਸਾਨਾਂ ਦੇ ਮਖੌਟੇ ਹੇਠ ਸੜਕਾਂ ਤੇ ਗੁੰਡਾਗਰਦੀ ਦਾ ਤਾਂਡਵ ਹੋਇਆ , ਭਾਵੇਂ ਕਿ ਕੁਝ ਕਿਸਾਨਾਂ ਦੇ ਗਰਮ ਖਿਆਲੀ ਧੜੇ (ਬੀ ਕੇ ਯੂ ਉਗਰਾਹਾਂ ਵਰਗੇ )ਜਿਹੜੇ ਕੇ ਸਰਕਾਰਾਂ ਨਾਲ ਸੰਘਰਸ਼ ਸਮੇਂ ਖੂੰਖਾਰ ਤੇ ਸਿੱਧੀ ਟੱਕਰ ਲੈਂਦੇ ਆਏ ਹਨ ਨੇ ਇਸ ਸੰਘਰਸ਼ ਦੀ ਨੀਤੀ ਗਲਤ ਹੋਣ ਕਾਰਨ ਇਸ ਤੋਂ ਦੂਰੀ ਬਣਾਈ ਰੱਖੀ । ਪਰ ਕਈ ਵੱਡੇ ਕਿਸਾਨਾਂ ਦੇ ਕਾਕਿਆਂ ਨੇ ਜਿਹੜੇ ਜ਼ਮੀਨਾਂ ਜ਼ਿਆਦਾ ਹੋਣ ਕਰਕੇ ਸਿਰਫ਼ ਝੋਨਾ ਤੇ ਕਣਕ ਹੀ ਬੀਜਦੇ ਹਨ ਨੇ ਪੰਜਾਬ ਚ ਅਜਿਹਾ ਹੁੜਦੰਗ ਮਚਾਇਆ ਜਿਸ ਨਾਲ ਦੇਸ਼ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨ ਦਾ ਨਾਮ ਇੱਕ "ਜਲਾਦ "ਦੇ ਨਾਮ ਵਾਂਗੂੰ ਵੇਖਿਆ ਜਾਣ ਲੱਗਾ ',ਕਿਉਂਕਿ ਵੱਡੇ ਕਿਸਾਨਾਂ ਦੀ ਕਤਾਰ ਦੇ ਕੁਝ ਕਾਕਿਆਂ ਨੇ ਛੋਟੇ ਕਿਸਾਨਾਂ ਨੂੰ ਇਕੱਲਾ ਕੁੱਟਿਆ ਹੀ ਨਹੀਂ ਸਗੋਂ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਲੁੱਟ ਕੇ ਅੰਨ ਦਾ ਰੂਪ ਸਮਝੀਆਂ ਜਾਂਦੀਆਂ ਸਬਜ਼ੀਆਂ ਆਦਿ ਨੂੰ ਜਿੱਥੇ ਖੇਹ -ਖਰਾਬ ਕੀਤਾ, ਉੱਥੇ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਤੇਰਵਾਂ ਰਤਨ ਵਜੋਂ ਜਾਣਿਆ ਜਾਂਦਾ "ਦੁੱਧ "ਨੂੰ ਸੜਕਾਂ ਤੇ ਡੋਲ ਕੇ ਉਸ ਦਾ ਨਿਰਾਦਰ ਕੀਤਾ। ਕਈਆਂ ਨੇ ਇਸ ਸੰਘਰਸ਼ ਵਿੱਚ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ ਜਿਸ ਕਾਰਨ ਕਈ ਥਾਈਂ ਛੋਟਾ ਕਿਸਾਨ ਤੇ ਵੱਡਾ ਕਿਸਾਨ ਆਹਮੋ ਸਾਹਮਣੇ ਵੀ ਹੋਏ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਵੀ ਵਾਪਰੀਆਂ ।ਬਿਨਾਂ ਮੂੰਹ ਸਿਰ ਤੋਂ ਸੰਘਰਸ਼  ਵਿਢਣ ਵਾਲੇ ਕਿਸਾਨ ਆਗੂਆਂ ਨੂੰ ਇਸ ਦਾ ਵਿਗੜਦਾ ਰੂਪ ਦੇਖ ਕੇ ਅਖੀਰ ਸੰਘਰਸ਼ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ ,ਕਿਉਂਕਿ ਜਿੱਥੇ ਇਸ ਸੰਘਰਸ਼ ਦੇ ਮਾੜੇ ਨਤੀਜੇ ਨਿਕਲ ਰਹੇ ਸਨ ਉੱਥੇ ਨਾਲ ਹੀ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਲੋਕਾਂ ਵੱਲੋਂ ਦੁੱਧ ਡੋਲੇ ਜਾਣ ਤੇ ਸਬਜ਼ੀਆਂ ਦੇ ਖੇਹ ਖਰਾਬ ਕੀਤੇ ਜਾਣ ਦੀ ਕਰੜੀ ਨਿੰਦਾ ਕੀਤੀ ਜਾ ਰਹੀ ਸੀ । ਲੋਕਾਂ ਵੱਲੋਂ ਇਹ ਵੀ ਰਾਏ ਦਿੱਤੀ ਜਾ ਰਹੀ ਸੀ ਕਿ ਜੇਕਰ ਕਿਸਾਨਾਂ ਨੇ ਸੰਘਰਸ਼ ਹੀ ਕਰਨਾ ਸੀ ਤਾਂ ਉਹ ਸ਼ਰਾਬ ਦੇ ਠੇਕੇ , ਬੈਂਕਾਂ ਆਪ ਤੋਂ ਇਲਾਵਾ ਕਈ ਸੰਸਥਾਵਾਂ ਜਿਹੜੀਆਂ ਕੇਂਦਰ ਸਰਕਾਰ ਅਧੀਨ ਪੈਂਦੀਆਂ ਹਨ ਨੂੰ ਬੰਦ ਕਰਦੇ ਤਾਂ ਕਿ ਕੇਂਦਰ ਸਰਕਾਰ ਦੇ ਸਿਰ ਤੇ ਜੂੰ ਸਰਕਦੀ ,ਜਿਸ ਨਾਲ ਸਰਕਾਰ ਨੂੰ ਵਿੱਤੀ ਘਾਟਾ ਪੈਂਦਾ। ਪਰ ਅੱਧ ਵਿਚਕਾਰ ਟੁੱਟੇ ਸੰਘਰਸ਼ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਅਤੇ ਕਿਸਾਨ ਦੇ ਨਾਲੋਂ ਜਲਾਦ ਦਾ ਧੱਬਾ ਧੋਣ ਲਈ ਮੁੜ ਵਿਚਾਰ ਕਰਨ ਦੀ ਲੋੜ ਹੈ  ।