• Home
  • ਕਿਤਾਬ ਮੁੱਦੇ ਉਤੇ ਅਕਾਲੀ ਦਲ ਨੇ ਬਣਾਈ ਰਣਨੀਤੀ, ਕੱਲ੍ਹ ਪੰਜਾਬ ਦੇ ਗਵਰਨਰ ਨੂੰ ਦੇਣਗੇ ਮੈਮੋਰੰਡਮ

ਕਿਤਾਬ ਮੁੱਦੇ ਉਤੇ ਅਕਾਲੀ ਦਲ ਨੇ ਬਣਾਈ ਰਣਨੀਤੀ, ਕੱਲ੍ਹ ਪੰਜਾਬ ਦੇ ਗਵਰਨਰ ਨੂੰ ਦੇਣਗੇ ਮੈਮੋਰੰਡਮ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)- ਪਿਛਲੇ ਇੱਕ ਹਫਤੇ ਤੋਂ ਬਾਰ੍ਹਵੀਂ ਦੇ ਇਤਿਹਾਸ ਦੀ ਕਿਤਾਬ ਦੇ ਚੈਪਟਰ ਕੱਢਣ ਤੇ ਪੰਜਾਬ ਵਿੱਚ ਅਕਾਲੀ ਦਲ ਵੱਲੋਂ ਵੱਲੋਂ ਸ਼ੁਰੂ ਕੀਤੀ ਕੈਪਟਨ ਸਰਕਾਰ ਵਿਰੁੱਧ ਜੰਗ ਨੇ ਉਸ ਸਮੇਂ ਗੰਭੀਰ ਰੂਪ ਅਖਤਿਆਰ ਕਰ ਲਿਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋ ਘੰਟੇ ਕੋਰ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸਮੇਂ ਕੈਪਟਨ ਸਰਕਾਰ ਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਇਹ ਕੋਝੀ ਹਰਕਤ ਕੀਤੀ ਗਈ ਹੈ ।ਪੰਜਾਬ ਦੇ ਮੁੱਖ ਮੰਤਰੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ, ਸਗੋਂ ਕਿਤਾਬ ਚੋਂ ਪੰਜਾਬ ਦਾ ਤੇ ਗੁਰੂਆਂ ਦਾ ਇਤਿਹਾਸ ਕੱਢਣ ਦੇ ਨਾਲ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ । ਉਨ੍ਹਾਂ ਇਸ ਸਮੇਂ ਛਾਪੀ ਗਈ ਕਿਤਾਬ ਦੇ ਪੰਨੇ ਜਿਹੜੇ ਕਿ ਸਰਕਾਰ ਵੱਲੋਂ ਆਪਣੇ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਪਾਏ ਸਨ ,ਵੀ ਪੇਸ਼ ਕੀਤੇ ਅਤੇ ਨਾਲ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਤੇ ਉਹ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਪੰਜਾਬ ਦੇ ਭਲੇ ਲਈ ਬਿਹਤਰ ਹੋਵੇਗਾ ਕਿ ਉਹ ਖ਼ੁਦ ਆਪਣੀ ਨਿਗਰਾਨੀ ਵਿੱਚ ਚੈਪਟਰ ਕਿਤਾਬ ਵਿੱਚ ਸ਼ਾਮਲ ਕਰਨ। ਸਰਦਾਰ ਬਾਦਲ ਜਿਹੜੇ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ,ਰਣਜੀਤ ਸਿੰਘ ਬ੍ਰਹਮਪੁਰਾ ,ਦਲਜੀਤ ਸਿੰਘ ਚੀਮਾ ,ਸਿਕੰਦਰ ਸਿੰਘ ਮਲੂਕਾ ,ਬੀਬੀ ਜੰਗੀਰ ਕੌਰ ,ਬਿਕਰਮ ਸਿੰਘ ਮਜੀਠੀਆ (ਸਾਰੇ ਕੋਰ ਕਮੇਟੀ ਮੈਂਬਰ) ਆਦਿ ਨਾਲ ਸਨ ,ਨੇ ਇਸ ਸਮੇਂ ਐਲਾਨ ਕੀਤਾ ਕਿ ਉਹ ਕੱਲ੍ਹ 4 ਮਈ ਨੂੰ ਪੰਜਾਬ ਦੇ ਗਵਰਨਰ ਨੂੰ ਮੈਮੋਰੰਡਮ ਦੇਣਗੇ ਅਤੇ 11 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿੰਗਾਂ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਭਾਈ ਗੁਰਦਾਸ ਹਾਲ ਵਿੱਚ ਲਾਈ ਗਈ ਹੈ। ਜਿੱਥੇ ਕਿ ਪੰਜਾਬ ਦੇ ਇਤਿਹਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲੀ ਸਰਕਾਰ ਵਿਰੁੱਧ ਮੋਰਚਾ ਲਾਉਣ ਦਾ ਐਲਾਨ ਕਰਨਗੇ ।