• Home
  • ਕਾਲਜ ਦੇ ਨਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ-ਦਮਦਮੀ ਟਕਸਾਲ

ਕਾਲਜ ਦੇ ਨਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ-ਦਮਦਮੀ ਟਕਸਾਲ

ਅੰਮ੍ਰਿਤਸਰ- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਿੱਲੀ ਦੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਣ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਕੱਢ ਕੇ ਇਸ ਦੀ ਥਾਂ ਕਾਂਗਰਸ ਦਾ ਇਤਿਹਾਸ ਪਾ ਦਿੱਤੇ ਜਾਣ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਕੇਂਦਰ ਅਤੇ ਰਾਜ ਸਰਕਾਰਾਂ ਦਾ ਸਿੱਖ ਭਾਈਚਾਰੇ ਨਾਲ ਕੀਤਾ ਜਾ ਰਿਹਾ ਮੌਜੂਦਾ ਵਰਤਾਰਾ ਸਿੱਖ ਭਾਈਚਾਰੇ ਅੰਦਰ ਪਨਪ ਰਹੀ ਬੇਗਾਨਗੀ ਦੀ ਭਾਵਨਾ ਨੂੰ ਹੋਰ ਪਰਪੱਕ ਕਰਨ ਦਾ ਵਸੀਲਾ ਬਣੇਗਾ। ਭਾਰਤ 'ਚ ਸਿੱਖ ਭਾਈਚਾਰੇ ਦੇ ਨਾਗਰਿਕ ਅਧਿਕਾਰਾਂ ਨੂੰ ਰੌਦੇ ਜਾਣ ਕਾਰਨ ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਿੱਖ ਭਾਈਚਾਰੇ ਅੰਦਰ ਭਾਰੀ ਰੋਸ ਦੀ ਲਹਿਰ ਹੈ।  ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਨਾ ਬਦਲਣ ਪ੍ਰਤੀ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਦੇਸ਼ ਨੂੰ ਦੁਆਏ ਗਏ ਭਰੋਸੇ ਅਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਵੱਲੋਂ ਇਸ ਬਾਬਤ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਜੇ ਕਾਲਜ ਦਾ ਨਾਮ ਬਦਲ ਦਿਤਾ ਗਿਆ ਹੈ ਤਾਂ ਫਿਰ  ਇਸ ਸ਼ਰਾਰਤ ਪ੍ਰਤੀ ਸਿੱਖ ਪੰਥ ਕੀ ਸਮਝਿਆ ਜਾਵੇ? ਉਨ੍ਹਾਂ ਸਵਾਲ ਕੀਤਾ ਕਿ ਕੀ ਕਾਲਜ ਦੇ ਚੇਅਰਮੈਨ ਅਮਿਤਾਭ ਸਿਨਹਾ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਸਰਕਾਰ ਵੱਲੋਂ ਦਿਤੇ ਗਏ ਭਰੋਸਿਆਂ ਤੋਂ ਉੱਪਰ ਹਨ? ਜਾਂ ਉਹ ਖ਼ਾਸ ਫ਼ਿਰਕੂ ਜਮਾਤ ਦੇ ਲੁਕਵੇਂ ਏਜੰਡੇ ਅਤੇ ਫ਼ਿਰਕੂ ਸੋਚ ਨੂੰ ਲਾਗੂ ਕਰਨ ਪ੍ਰਤੀ ਸਰਕਾਰ ਵੱਲੋਂ ਬੇਲਗ਼ਾਮ ਕੀਤੇ ਹੋਏ ਹਨ?

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਭਾਰਤ ਦੀ ਹੋਂਦ, ਭਾਰਤ ਦੀ ਸੰਸਕ੍ਰਿਤੀ, ਹਿੰਦੂ ਧਰਮ ਦੀ ਰੱਖਿਆ, ਮਾਨਵਤਾ ਅਤੇ ਸਰਬ ਸਾਂਝੀਵਾਲਤਾ ਲਈ ਗੁਰੂ ਸਾਹਿਬਾਨ ਅਤੇ ਸਿੱਖ ਸੂਰਬੀਰਾਂ ਦਾ ਬਹੁਤ ਵੱਡਾ ਬਲੀਦਾਨ ਰਿਹਾ ਹੈ।ਅਜ ਸਿੱਖੀ ਪਰੰਪਰਾਵਾਂ ਅਤੇ ਇਤਿਹਾਸ ਨੂੰ ਢਾਹ ਲਾਉਣ ਵਿਚ ਲੱਗੇ ਲੋਕਾਂ ਅਤੇ ਸ਼ਕਤੀਆਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਨਾ ਕੇਵਲ ਸ: ਮਜੀਠੀਆ ਨਾਲ ਅਨਿਆਂ ਸੰਗਤ ਹੈ ਸਗੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋ ਵਧ ਕੁਰਬਾਨੀਆਂ ਦੇਣ ਵਾਲੀ ਘਟ ਗਿਣਤੀ ਸਿੱਖ ਕੌਮ ਨਾਲ ਇੱਕ ਹੋਰ ਵਿਸ਼ਵਾਸਘਾਤ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਲਜ ਦੇ ਨਾਂ ਦੀ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹਰ ਪੱਧਰ 'ਤੇ ਇਸ ਦਾ ਵਿਰੋਧ ਕੀਤਾ ਜਾਵੇਗਾ।