• Home
  • ਕਾਂਗਰਸੀ ਉਮੀਦਵਾਰ ਉਤੇ ਪਰਚਾ ਦਰਜ, ਪਰਚਾ ਦਰਜ ਕਰਨ ਵਾਲੇ ਐਸ.ਐਚ.ਓ ਨੇ ਦਿੱਤਾ ਅਸਤੀਫਾ

ਕਾਂਗਰਸੀ ਉਮੀਦਵਾਰ ਉਤੇ ਪਰਚਾ ਦਰਜ, ਪਰਚਾ ਦਰਜ ਕਰਨ ਵਾਲੇ ਐਸ.ਐਚ.ਓ ਨੇ ਦਿੱਤਾ ਅਸਤੀਫਾ

ਸ਼ਾਹਕੋਟ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ ‘ਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਅੱਜ ਸਵੇਰੇ ਮਹਿਤਪੁਰ ਪੁਲਿਸ ਥਾਣਾ (ਜਲੰਧਰ ਦਿਹਾਤੀ) ‘ਚ ਮਾਮਲਾ ਦਰਜ ਕਰਾਇਆ ਗਿਆ ਹੈ। ਇਸਦੇ ਨਾਲ ਹੀ ਸ਼ੇਰੋਵਾਲੀਆ ਦੇ ਖਿਲਾਫ ਪਰਚਾ ਦਰਜ ਕਰਨ ਵਾਲੇ ਥਾਣਾ ਮਹਿਤਪੁਰ ਦੇ ਐਸ.ਐਚ.ਓ ਇੰਸਪੈਕਟਰ ਪਰਿਮੰਦਰ ਸਿੰਘ ਬਾਜਵਾ ਨੇ ਜਲੰਧਰ  ਦਿਹਾਤੀ ਦੇ ਐਸ.ਐਸ.ਪੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਬਾਜਵਾ ਨੇ ਆਪਣੇ ਹੱਥੀ ਇਕ ਪੇਜ ਉਤੇ ਆਪਣਾ ਅਸਤੀਫਾ ਲਿਖਿਆ ਹੈ ਅਤੇ ਕਿਹਾ ਹੈ ਕਿ ਉਹਨਾਂ ਦਾ ਅਸਤੀਫਾ ਮਨਜੂਰ ਕੀਤਾ ਜਾਵੇ ਜਾਂ ਫਿਰ ਮੈਨੂੰ ਅੱਜ 4 ਮਈ ਦੀ ਸਵੇਰ ਤੋਂ ਹੀ ਛੁੱਟੀ ਉਤੇ ਸਮਝਿਆ ਜਾਵੇ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਲੰਘੇ ਦਿਨ ਸ਼ਾਹਕੋਟ ਜ਼ਿਮਨੀ ਚੋਣ ਲਈ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਐਲਾਨਿਆ ਸੀ, ਜੋ ਮਗਰਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਦੇ ਉਮੀਦਵਾਰ ਸਨ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਅਜੀਤ ਸਿੰਘ ਕੋਹਾੜ ਤੋਂ ਚੋਣ ਹਾਰ ਗਏ ਸਨ।