• Home
  • ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ -ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਤੇ ਫਰਿਜ਼ਨੋ, ਸੀਨੀਅਰ ਵਰਗ ‘ਚ ਰਾਮਪੁਰ ਅਤੇ ਕਿਲ੍ਹਾ ਰਾਏਪੁਰ ਫਾਈਨਲ ‘ਚ ਪੁੱਜੇ

ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ -ਜੂਨੀਅਰ ਵਰਗ ਵਿਚ ਜਰਖੜ ਅਕੈਡਮੀ ਤੇ ਫਰਿਜ਼ਨੋ, ਸੀਨੀਅਰ ਵਰਗ ‘ਚ ਰਾਮਪੁਰ ਅਤੇ ਕਿਲ੍ਹਾ ਰਾਏਪੁਰ ਫਾਈਨਲ ‘ਚ ਪੁੱਜੇ

ਲੁਧਿਆਣਾ 3 ਜੂਨ -(ਖ਼ਬਰ ਵਾਲੇ ਬਿਊਰੋ ) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ 8ਵੇਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦਾ ਫਾਈਨਲ ਮੁਕਾਬਲਾ ਜੂਨੀਅਰ ਵਰਗ‌ 'ਚ ਜਰਖੜ ਹਾਕੀ ਅਕੈਡਮੀ ਅਤੇ ਫਰਿਜ਼ਨੋ ਅਕੈਡਮੀ ਕੈਲੀਫੋਰਨੀਆ ਵਿਚਕਾਰ, ਸੀਨੀਅਰ ਵਰਗ ਦੀ ਖਿਤਾਬੀ ਭੇੜ ਨੀਟਾ ਕਲੱਬ ਰਾਮਪੁਰ ਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਵਿਚਕਾਰ ਹੋਵੇਗਾ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਫਲੱਡ ਲਾਈਟਾਂ ਵਿਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 8ਵੇਂ ਦਿਨ ਸੀਨਅਰ ਵਰਗ 'ਚ ਕਿਲ੍ਹਾ ਰਾਏਪੁਰ ਨੇ ਬਹੁਤ ਹੀ ਫਸਵੇਂ ਅਤੇ ਸੰਘਰਸ਼ਪੂਰਨ ਮੁਕਾਬਲੇ ਵਿਚ ਗਿੱਲ ਕਲੱਬ ਪਟਿਆਲਾ ਨੂੰ 2-1 ਨਾਲ ਹਰਾਇਆ। ਮੈਚ ਦੇ ਅੰਤਿਮ ਪਲਾਂ ਤੱਕ ਮੁਕਾਬਲਾ 1-1 ਦੀ ਬਰਾਬਰੀ ਤੇ ਸੀ ਜਦੋਂ ਮੈਚ ਪੈਨਲਟੀ ਸ਼ੂਟਆਉਟ ਵੱਲ੍ਹ ਵਧ ਰਿਹਾ ਸੀ ਤਾਂ ਖ਼ਬਰ ਵਾਲੇ ਬਿਊਰੋ ਕਿਲ੍ਹਾ ਰਾਏਪੁਰ ਨੇ ਜੇਤੂ ਗੋਲ ਦਾਗਦਿਆਂ ਪਟਿਆਲਾ ਦੀਆਂ ਫਾਈਨਲ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਚਕਨਾਚੂਰ ਕੀਤੀਆਂ। ਕਿਲ੍ਹਾ ਰਾਏਪੁਰ ਵੱਲੋਂ ਸਰਬਜੋਤ ਸਿੰਘ ਨੇ ਚੌਥੇ ਅਤੇ ਸਤਿੰਦਰ ਸਿੰਘ ਨੇ ਆਖਰੀ 40ਵੇਂ ਮਿੰਟ ਵਿਚ ਗੋਲ ਕੀਤਾ, ਜਦਕਿ ਪਟਿਆਲਾ ਵੱਲੋਂ ਰਵਿੰਦਰ ਸਿੰਘ ਨੇ 31ਵੇਂ ਮਿੰਟ ਵਿਚ ਗੋਲ ਕੀਤਾ। ਦੂਸਰੇ ਸੈਮੀਫਾਈਨਲ 'ਚ ਨੀਟਾ ਕਲੱਬ ਰਾਮਪੁਰ ਨੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੂੰ 4-1 ਨਾਲ ਹਰਾਇਆ। ਅੱਧੇ ਸਮੇਂ ਤੱਕ ਜੇਤੂ ਟੀਮ 2-1 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਰਵਿੰਦਰ ਸਿੰਘ ਨੇ ਚੌਥੇ ਅਤੇ 7ਵੇਂ ਮਿੰਟ ਵਿਚ, ਲਵਜੀਤ ਸਿੰਘ 24ਵੇਂ ਤੇ 25ਵੇਂ ਮਿੰਟ 'ਚ, ਮੋਗਾ ਵੱਲੋਂ ਗੁਰਮੀਤ ਸਿੰਘ ਨੇ 22ਵੇਂ ਮਿੰਟ 'ਚ ਗੋਲ ਕੀਤਾ। ਜੂਨੀਅਰ ਵਰਗ ਦੇ ਪਹਿਲੇ ਸੈਮੀਫਾਈਨਲ 'ਚ ਫਰਿਜ਼ਨੋ ਅਕੈਡਮੀ ਨੇ ਕਿਲ੍ਹਾ ਰਾਏਪੁਰ ਅਕੈਡਮੀ ਨੂੰ 2-1 ਨਾਲ ਹਰਾਇਆ। ਜੇਤੂ ਟੀਮ ਵੱਲੋਂ ਗੁਰਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਨੇ ਕ੍ਰਮਵਾਰ 17ਵੇਂ ਅਤੇ 34ਵੇਂ ਮਿੰਟ 'ਚ ਗੋਲ ਕੀਤੇ। ਜਦਕਿ ਕਿਲ੍ਹਾ ਰਾਏਪੁਰ ਵੱਲੋਂ ਪਨਜੀਤ ਸਿੰਘ ਨੇ 11ਵੇਂ ਮਿੰਟ ਵਿਚ ਆਪਣੀ ਟੀਮ ਨੂੰ ਬੜ੍ਹਤ ਦੁਆਈ। ਜੂਨੀਅਰ ਵਰਗ ਦੇ ਦੂਸਰੇ ਸੈਮੀਫਾਈਨਲ ਵਿਚ ਜਰਖੜ ਅਕੈਡਮੀ ਨੇ ਘਵੱਦੀ ਸਕੂਲ ਨੂੰ 8-1 ਨਾਲ ਦਰੜ ਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਜੇਤੂ ਟੀਮ ਵੱਲੋਂ ਜਸ਼ਨਪ੍ਰੀਤ ਸਿੰਘ ਨੇ 4, ਮਾਨਵ ਚਾਹਲ ਨੇ 2, ਸੋਹੇਲ ਸ਼ਰਮਾ ਅਤੇ ਸੁਖਚੈਨ ਸਿੰਘ ਨੇ 1-1 ਗੋਲ ਕੀਤਾ। ਘਵੱਦੀ ਵੱਲੋਂ ਇਕੋ ਇਕ ਗੋਲ ਇਕਬਾਲ ਸਿੰਘ ਨੇ ਕੀਤਾ।
ਅੱਜ ਦੇ ਮੈਚਾਂ ਦੌਰਾਨ ਡਾ. ਪਰਮਿੰਦਰ ਸਿੰਘ ਡਾਇਰੈਕਟਰ ਸਪੋਰਟਸ ਪੰਜਾਬ ਯੂਨੀਵਰਸਿਟੀ, ਏਸ਼ੀਅਨ ਖੇਡਾਂ 'ਚ ਤਗਮਾ ਜੇਤੂ ਬਾਕਸਰ ਕੁਲਦੀਪ ਸਿੰਘ, ਡਾ. ਭਗਵੰਤ ਸਿੰਘ ਪਟਿਆਲਾ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਅਮਰੀਕ ਸਿੰਘ ਮਿਨਹਾਸ ਐਸਪੀ ਪੰਜਾਬ ਪੁਲਿਸ, ਮਨਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਪੀਏਯੂ ਕਿਸਾਨ ਕਲੱਬ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਜਰਖੜ ਹਾਕੀ ਅਕੈਡਮੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਵਰ੍ਹੇ ਇਸ ਅਕੈਡਮੀ ਦੇ 7 ਖਿਡਾਰੀਆਂ ਨੇ ਆਲ ਇੰਡੀਆ ਅੰਤਰ-ਯੂਨੀਵਰਸਿਟੀ ਪੱਧਰ 'ਤੇ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਯੂਨੀਵਰਸਿਟੀ ਨੂੰ ਇਕ ਵੱਡਾ ਨਾਮਣਾ ਦਿੱਤਾ ਹੈ, ਅਸੀਂ ਹਮੇਸ਼ਾਂ ਇਸ ਅਕੈਡਮੀ ਦੇ ਨਾਲ ਖੜ੍ਹੇ ਹਾਂ। ਯੂਨੀਵਰਸਿਟੀ ਵੱਲੋਂ ਅਕੈਡਮੀ ਦੇ ਬੱਚਿਆਂ ਦੀ ਹਰ ਸੰਭਵ
ਇਸ ਮੌਕੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਟਰ ਬਲਬੀਰ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਅੰਤਰ-ਰਾਸ਼ਟਰੀ ਸਾਈਕਲਿਸਟ ਗੁਰਸ਼ਰਨਵੀਰ ਸਿੰਘ ਰੇਲਵੇ, ਰਾਸ਼ਟਰੀ ਰਿਕਾਰਡ ਹੋਲਡਰ ਸੁਖਜਿੰਦਰ ਸਿੰਘ ਰੇਲਵੇ, ਜਗਦੀਪ ਸਿੰਘ ਕਾਹਲੋਂ, ਸ਼ਰਨਜੀਤ ਸਿੰਘ ਥਰੀਕੇ, ਰੀਤਮੋਹਿੰਦਰ ਸਿੰਘ ਗਰੇਵਾਲ, ਸਰਪੰਚ ਬਲਜੀਤ ਸਿੰਘ ਗਿੱਲ, ਰਘਬੀਰ ਸਿੰਘ ਪਟਿਆਲਾ, ਹਰਦੀਪ ਸਿੰਘ ਰੇਲਵੇ, ਜਗਮੋਹਾਨ ਸਿੰਘ ਸਿੱਧੂ, ਪ੍ਰੋ. ਰਜਿੰਦਰ ਸਿੰਘ, ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਭਲਕੇ ਫਾਈਨਲ ਸਮਾਰੋਹ 'ਤੇ ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ, ਉੱਘੀ ਗਾਇਕਾ ਅਤੇ ਨੇਤਾ ਸਤਵਿੰਦਰ ਕੌਰ ਬਿੱਟੀ, ਸੁਰਜੀਤ ਸਿੰਘ ਡਿਪਟੀ ਡਾਇਰੈਕਟਰ ਪੰਜਾਬ ਖੇਡ ਵਿਭਾਗ, ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਖੰਨਾ ਅਤੇ ਧਾਰਮਿਕ ਅਦਾਰਿਆਂ ਦੀ ਸੇਵਾ ਕਰਨ ਵਾਲੇ ਸਵਰਨ ਸਿੰਘ ਪੰਮਾ ਨੂੰ ਫਾਈਨਲ ਸਮਾਰੋਹ 'ਤੇ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨਿਆ ਜਾਵੇਗਾ।