• Home
  • ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸਮਾਪਤ-ਜੂਨੀਅਰ ਵਰਗ ਵਿਚ ਜਰਖੜ ਅਕੈਡਮੀ, ਸੀਨੀਅਰ ਵਰਗ ‘ਚ ਕਿਲ੍ਹਾ ਰਾਏਪੁਰ ਬਣੇ ਚੈਂਪੀਅਨ

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਸਮਾਪਤ-ਜੂਨੀਅਰ ਵਰਗ ਵਿਚ ਜਰਖੜ ਅਕੈਡਮੀ, ਸੀਨੀਅਰ ਵਰਗ ‘ਚ ਕਿਲ੍ਹਾ ਰਾਏਪੁਰ ਬਣੇ ਚੈਂਪੀਅਨ

ਲੁਧਿਆਣਾ 4 ਜੂਨ - ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਇਆ ਗਿਆ 8ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਬੀਤੀ ਦੇਰ ਰਾਤ ਆਪਣੀਆਂ ਖੱਟ‌ੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਆਖਰੀ ਦਿਨ ਜੂਨੀਅਰ ਵਰਗ ਵਿਚ ਜਿਥੇ ਜਰਖੜ ਹਾਕੀ ਅਕੈਡਮੀ ਅਤੇ ਸੀਨੀਅਰ ਵਰਗ ਵਿਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਉਥੇ ਉੱਘੀਆਂ 5 ਸ਼ਖਸੀਅਤਾਂ ਦਾ ਵਿਸ਼ੇਸ਼ ਐਵਾਰਡਾਂ ਨਾਲ ਹੋਇਆ ਸਨਮਾਨ ਮੁੱਖ ਖਿੱਚ ਦਾ ਕੇਂਦਰ ਰਿਹਾ। ਫਲੱਡ ਲਾਈਟਾਂ ਦੀ ਰੌਸ਼ਨੀ 'ਚ ਐਸਟੋਟਰਫ ਮੈਦਾਨ 'ਤੇ ਸੀਨੀਅਰ ਵਰਗ ਦਾ ਫਾਈਨਲ ਮੁਕਾਬਲਾ ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਰਿਹਾ ਜਿਸ ਵਿਚ ਕਿਲ੍ਹਾ ਰਾਏਪੁਰ ਨੀਟ੍ਹਾ ਕਲੱਬ ਰਾਮਪੁਰ ਤੋਂ 2-1 ਨਾਲ ਜੇਤੂ ਰਹੀ। ਪਹਿਲਾ ਅੱਧ ਗੋਲ ਰਹਿਤ ਬਰਾਬਰੀ 'ਤੇ ਰਿਹਾ। ਦੋਨਾਂ ਪਾਸਿਆਂ ਤੋਂ ਜਵਾਬੀ ਹਮਲੇ ਵਾਲੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਰਾਮਪੁਰ ਦੇ ਕਪਤਾਨ ਰਵਿੰਦਰ ਸਿੰਘ ਨੇ 22ਵੇਂ ਮਿੰਟ 'ਚ ਗੋਲ ਕਰਕੇ ਆਪਣੀ ਟੀਮ ਨੂੰ 1 ਗੋਲ ਦੀ ਬੜ੍ਹਤ ਦੁਆਈ। ਜਦਕਿ ਕਿਲ੍ਹਾ ਰਾਏਪੁਰ ਦੇ ਜਸਵੀਰ ਸਿੰਘ ਨੇ 35ਵੇਂ ਮਿੰਟ 'ਚ 1-1 ਦੀ ਬਰਾਬਰੀ ਕਾਇਮ ਕੀਤੀ। ਮੈਚ ਸਮਾਪਤੀ ਤੋਂ 2 ਮਿੰਟ ਪਹਿਲਾਂ ਸੁਖਵਿੰਦਰ ਸਿੰਘ ਨੇ ਗੋਲ ਕਰਕੇ ਕਿਲ੍ਹਾ ਰਾਏਪੁਰ ਦਾ ਚੈਂਪੀਅਨ ਕਿਲ੍ਹਾ ਫਤਹਿ ਕੀਤਾ। ਜੂਨੀਅਰ ਵਰਗ 'ਚ ਜਰਖੜ ਅਕੈਡਮੀ ਨੇ ਫਰਜ਼ਿਨੋ ਅਕੈਡਮੀ ਨੂੰ 6-3 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਅੱਧੇ ਸਮੇਂ ਤੱਕ ਜੇਤੂ ਟੀਮ 3-0 ਨਾਲ ਅੱਗੇ ਸੀ। ਜਰਖੜ ਵੱਲੋਂ ਸੁਖਚੈਨ ਸਿੰਘ ਨੇ 3, ਮਨਪ੍ਰੀਤ, ਸੁਹੇਲ ਅਤੇ ਬਲਰਾਜ ਨੇ 1-1 ਗੋਲ ਕੀਤਾ। ਜਦਕਿ ਫਰਿਜ਼ਨੋ ਵੱਲੋਂ ਦੂਸਰੇ ਅੱਧ 'ਚ ਜਸਕਰਨ ਸਿੰਘ, ਸਿਮਰਨਜੀਤ ਸਿੰਘ, ਮਨਜੀਤ ਸਿੰਘ ਨੇ 1-1 ਗੋਲ ਕੀਤਾ। ਰਾਮਪੁਰ ਕਲੱਬ ਦੇ ਰਵਿੰਦਰ ਸਿੰਘ ਕਾਲਾ ਨੂੰ ਮੈਨ ਆਫ ਦਾ ਟੂਰਨਾਮੈਂਟ, ਕਿਲ੍ਹਾ ਰਾਏਪੁਰ ਦੇ ਸੁਖਵਿੰਦਰ ਸਿੰਘ ਨੂੰ ਉੱਭਰਦੇ ਖਿਡਾਰੀ ਵਜੋਂ ਮੈਨ ਆਫ ਦਾ ਟੂਰਨਾਮੈਂਟ ਤੇ ਤਾਜ਼ ਰਿਜ਼ੋਰਟ ਕਲੱਬ ਦੇ ਗੋਲ ਕੀਪਰ ਸੰਪੂਰਨ ਸਿੰਘ ਨੂੰ ਸਰਵੋਤਮ ਗੋਲ ਕੀਪਰ, ਜੂਨੀਅਰ ਵਰਗ 'ਚ ਜਰਖੜ ਅਕੈਡਮੀ ਦੇ ਜਸਕਰਨ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ ਵਜੋਂ ਸਾਈਕਲਾਂ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ ਨੂੰ 'ਲਾਈਫ ਟਾਈਮ ਅਚੀਵਮੈਂਟ ਐਵਾਰਡ', ਉੱਘੀ ਲੋਕ ਗਾਇਕਾ, ਹਾਕੀ ਖਿਡਾਰਣ ਅਤੇ ਮੌਜੂਦਾ ਨੇਤਾ ਸਤਵਿੰਦਰ ਕੌਰ ਬਿੱਟੀ ਨੂੰ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ, ਸੁਰਜੀਤ ਸਿੰਘ ਸੰਧੂ ਡਿਪਟੀ ਡਾਇਰੈਕਟਰ ਸਪੋਰਟਸ ਨੂੰ ਅਮਰਜੀਤ ਗਰੇਵਾਲ ਖੇਡ ਪ੍ਰਮੋਟਰ ਐਵਾਰਡ, ਧਰਮ ਦੀ ਸੇਵਾ ਵਜੋਂ ਗੁਰਦੁਆਰਾ ਸੁੱਖ ਸਾਗਰ ਦੇ ਮੁੱਖ ਸੇਵਾਦਾਰ ਸਵਰਨ ਸਿੰਘ ਪੰਮਾ ਜਰਖੜ ਨੂੰ ਸਮਾਜ ਸੇਵੀ ਭਗਤ ਪੂਰਨ ਸਿੰਘ ਐਵਾਰਡ, ਉੱਘੇ ਸਮਾਜ-ਸੇਵੀ ਸੁਰਿੰਦਰ ਸਿੰਘ ਖੰਨਾ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਐਵਾਰਡ ਤੋਂ ਇਲਾਵਾ ਓਲੰਪੀਅਨ ਗੁਰਮੇਲ ਸਿੰਘ ਅਤੇ ਕੁਲਰਾਜ ਸਿੰਘ ਗਰੇਵਾਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਾਰੀਆਂ ਸਨਮਾਨਿਤ ਸ਼ਖਸੀਅਤਾਂ ਨੂੰ ਆਏ ਮਹਿਮਾਨਾਂ ਅਤੇ ਪਤਵੰਤਿਆਂ ਨੇ ਸਿਰੋਪਾਏ, ਲੋਈਆਂ ਅਤੇ ਐਵਾਰਡ ਪ੍ਰਦਾਨ ਕੀਤੇ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਸਤਵਿੰਦਰ ਕੌਰ ਬਿੱਟੀ ਨੇ ਆਖਿਆ ਕਿ ਜਰਖੜ ਅਕੈਡਮੀ ਨੇ ਪੰਜਾਬ ਦੀ ਹਾਕੀ ਨੂੰ ਵੱਡਾ ਨਾਮਣਾ ਦਿੱਤਾ ਹੈ। ਇਸ ਅਕੈਡਮੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਸਹਾਇਤਾ ਕਰੇਗੀ। ਉਹਨਾਂ ਆਖਿਆ ਕਿ ਉਹ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨਗੇ ਕਿ ਜਰਖੜ ਸਟੇਡੀਅਮ ਵਿਖੇ ਵੱਡੀ ਐਸਟੋਟਰਫ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ। ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਕੌਂਸਲਰ ਮਨਜਿੰਦਰ ਸਿੰਘ ਭੋਲਾ, ਸੁਖਵਿੰਦਰ ਸਿੰਘ ਸੁੱਖੀ ਝੱਜ, ਹਰਦੀਪ ਸਿੰਘ ਮੁੰਡੀਆਂ, ਹਰਬੰਸ ਸਿੰਘ ਇੰਚਾਰਜ ਸਪੋਰਟਸ ਅਥਾਰਟੀ ਆਫ ਇੰਡੀਆ, ਸਰਪੰਚ ਤੇਜਿੰਦਰ ਸਿੰਘ ਲਾਡੀ ਜੱਸੜ, ਪਰਮਜੀਤ ਸਿੰਘ ਪੰਮਾ ਗਿੱਲ, ਤੇਜਵੰਤ ਸਿੰਘ ਸਿੱਧੂ, ਜਗਮੋਹਣ ਸਿੰਘ ਸਿੱਧੂ, ਗੁਰਵਿੰਦਰ ਸਿੰਘ ਗਰਵਾਲ ਕਿਲ੍ਹਾ ਰਾਏਪੁਰ, ਅਜੀਤਪਾਲ ਸਿੰਘ ਗਰੇਵਾਲ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ, ਜਗਦੀਪ ਸਿੰਘ ਕਾਹਲੋਂ, ਸਰਪੰਚ ਤਰਲੋਚਨ ਸਿੰਘ ਲਲਤੋਂ ਕਲਾਂ, ਸੁਖਦੀਪ ਸਿੰਘ, ਸਰਪੰਚ ਮਲਕੀਤ ਸਿੰਘ ਆਲਮਗੀਰ, ਰਣਜੀਤ ਸਿੰਘ ਦੁਲੇਂਅ, ਪਹਿਲਵਾਨ ਹਰਮੇਲ ਸਿੰਘ ਕਾਲਾ,  ਹਰਜੋਤ ਸਿੰਘ ਅਰੋੜਾ ਬਿਊਰੋ ਚੀਫ ਜਾਗਰਣ, ਤੇਜਿੰਦਰ ਕਾਂਸਲ ਤੇ ਮੈਡਮ ਕਨਿਕਾ ਐਮ.ਡੀ ਕੇ ਟੂ ਸੌਲਿਊਸ਼ਨਜ਼, ਗੁਰਜੰਟ ਸਿੰਘ ਕਾਹਲੋਂ,  ਪਰਮਜੀਤ ਸਿੰਘ ਨੀਟੂ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਹਰਪਿੰਦਰ ਸਿੰਘ ਟੌਹੜਾ, ਯਾਦਵਿੰਦਰ ਸਿੰਘ ਤੂਰ, ਪ੍ਰਭਜੋਤ ਸਿੰਘ ਹੁੰਦਲ, ਮੋਹਣ ਸਿੰਘ ਕੁੱਕੂ ਧਮੋਟ, ਤੇਜਿੰਦਰ ਸਿੰਘ ਮਾਂਗਟ, ਦਵਿੰਦਰ ਸਿੰਘ ਨਾਗਰਾ ਤੇ ਵੱਡੀ ਗਿਣਤੀ ਵਿਚ ਦਰਸ਼ਕ ਤੇ ਮਹਿਮਾਨ ਹਾਜ਼ਰ ਸਨ।
ਅੰਤ ਵਿਚ ਚੇਅਰਮੈਨ ਅਕੈਡਮੀ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਨੇ ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਦਰਸ਼ਕਾਂ ਦਾ ਧੰਨਵਾਦ ਕੀਤਾ।