• Home
  • ਓਲੰਪੀਅਨ ਪਿ੍ਥੀਪਾਲ ਸਿੰਘ ਮਾਸਟਰ ਹਾਕੀ ਕੱਪ 7ਵਾਂ ਦਿਨ-ਸੀਨੀਅਰ ਵਰਗ ‘ਚ ਪਟਿਆਲਾ ਅਤੇ ਮੋਗਾ ਸੈਮੀਫਾਈਨਲ ‘ਚ, ਜੂਨੀਅਰ ਵਰਗ ‘ਚ ਫਰਿਜ਼ਨੋ ਅਕੈਡਮੀ ਅਤੇ ਕਿਲ੍ਹਾ ਰਾਏਪੁਰ ਦੀ ਜੇਤੂ ਸ਼ੁਰੂਆਤ

ਓਲੰਪੀਅਨ ਪਿ੍ਥੀਪਾਲ ਸਿੰਘ ਮਾਸਟਰ ਹਾਕੀ ਕੱਪ 7ਵਾਂ ਦਿਨ-ਸੀਨੀਅਰ ਵਰਗ ‘ਚ ਪਟਿਆਲਾ ਅਤੇ ਮੋਗਾ ਸੈਮੀਫਾਈਨਲ ‘ਚ, ਜੂਨੀਅਰ ਵਰਗ ‘ਚ ਫਰਿਜ਼ਨੋ ਅਕੈਡਮੀ ਅਤੇ ਕਿਲ੍ਹਾ ਰਾਏਪੁਰ ਦੀ ਜੇਤੂ ਸ਼ੁਰੂਆਤ

ਲੁਧਿਆਣਾ - ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ 8ਵੇਂ ਓਲੰਪੀਅਨ ਪਿ੍ਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਦੇ ਅੱਜ 7ਵੇਂ ਦਿਨ ਜਿੱਥੇ ਹਾਕੀ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਰਹੇ ਉਥੇ ਹਿੰਦੀ ਫ਼ਿਲਮਾਂ ਦੇ ਉੱਭਰਦੇ ਸਿਤਾਰੇ ਮੁਹੰਮਦ ਨਾਜ਼ਿਅਮ ਅਤੇ ਫਿਲਮ ਡਾਇਰੈਕਟਰ ਇਮਰਾਨ ਸ਼ੇਖ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ। ਅੱਜ ਖੇਡੇ ਗਏ ਮੈਚਾਂ ਵਿਚ ਸੀਨੀਅਰ ਵਰਗ 'ਚ ਜਿੱਥੇ ਗਿੱਲ ਕਲੱਬ ਪਟਿਆਲਾ ਅਤੇ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਹੀ ਜੂਨੀਅਰ ਵਰਗ 'ਚ ਫਰਿਜ਼ਨੋ ਹਾਕੀ ਅਕੈਡਮੀ ਕੈਲੀਫੋਰਨੀਆ ਅਤੇ ਕਿਲ੍ਹਾ ਰਾਏਪੁਰ ਨੇ ਆਪਣੀ ਜੇਤੂ ਸ਼ੁਰੂਆਤ ਕੀਤੀ।
ਫਲੱਡ ਲਾਈਟਾਂ ਦੀ ਰੌਸ਼ਨੀ 'ਚ ਖੇਡੇ ਜਾ ਰਹੇ ਹਾਕੀ ਫੈਸਟੀਵਲ ਦੇ ਪਹਿਲੇ ਮੁਕਾਬਲੇ ਵਿਚ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਅਕਾਲਗੜ੍ਹ ਨੂੰ 3-0 ਨਾਲ ਹਰਾਇਆ। ਮੋਗਾ ਵੱਲੋਂ ਮੈਚ ਦੇ ਆਖਰੀ ਪਲਾਂ 'ਚ ਗੁਰਮੀਤ ਸਿੰਘ, ਗੁਰਜੰਟ ਸਿੰਘ, ਜੁਗਰਾਜ ਸਿੰਘ ਨੇ 3 ਗੋਲ ਕਰਕੇ ਆਪਣੀ ਜਿੱਤ ਪੱਕੀ ਕੀਤੀ। ਦੂਸਰੇ ਮੁਕਾਬਲੇ ਵਿਚ ਗਿੱਲ ਕਲੱਬ ਪਟਿਆਲਾ ਨੇ ਜਗਰਾਉਂ ਨੂੰ 3-2 ਨਾਲ ਹਰਾ ਕੇ ਆਖ਼ਰੀ ਚਾਰਾਂ ਵਿਚ ਆਪਣੀ ਜਗ੍ਹਾ ਬਣਾਈ। ਪਟਿਆਲਾ ਵੱਲੋਂ ਇੰਦਰ ਸਲਾਰੀਆ, ਹਰਮਨਜੋਤ ਅਤੇ ਰਵਿੰਦਰ ਸਿੰਘ ਨੇ ਗੋਲ ਕੀਤੇ ਜਦਕਿ ਜਗਰਾਉਂ ਵੱਲੋਂ ਕੁਲਵਿੰਦਰ ਅਤੇ ਗੁਰਕਰਨ ਸਿੰਘ ਨੇ 1-1 ਗੋਲ ਕੀਤਾ। ਜੂਨੀਅਰ ਵਰਗ ਵਿਚ ਫਰਿਜ਼ਨੋ ਅਕੈਡਮੀ ਨੇ ਰਾਮਪੁਰ ਨੂੰ 4-1 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਜੇਤੂ ਟੀਮ ਵੱਲੋਂ ਗੁਰਪ੍ਰੀਤ ਸਿੰਘ ਨੇ 2, ਜਦਕਰਨ ਅਤੇ ਸਿਮਰਜੀਤ ਸਿੰਘ ਨੇ 1-1 ਗੋਲ ਕੀਤਾ। ਰਾਮਪੁਰ ਵੱਲੋਂ ਦਿਲਪ੍ਰੀਤ ਸਿੰਘ ਨੇ 1 ਗੋਲ ਕੀਤਾ। ਜੂਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿਚ ਕਿਲ੍ਹਾ ਰਾਏਪੁਰ ਨੇ ਬਹਾਦਰਗੜ੍ਹ ਨੂੰ 9-1 ਨਾਲ ਹਰਾਇਆ।
ਅੱਜ ਦੇ ਜੂਨੀਅਰ ਵਰਗ ਦੇ ਮੈਚਾਂ ਦਾ ਉਦਘਾਟਨ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਅਜੀਤਪਾਲ ਸਿੰਘ ਉਰਫ਼ ਲਾਲੀ ਬੁਟਾਹਰੀ ਨੇ ਰੀਬਨ ਕੱਟ ਕੇ ਕੀਤਾ। ਉਦਘਾਟਨੀ ਮੈਚ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਬੱਚਿਆਂ ਨੂੰ ਖੇਡਾਂ ਖੇਡਣ ਪ੍ਰਤੀ ਪ੍ਰੇਰਿਤ ਕੀਤਾ। ਜਦਕਿ ਇਸਤੋਂ ਇਲਾਵਾ ਫਿਲਮੀ ਸਿਤਾਰੇ ਸਲਮਾਨ ਖਾਨ ਵੱਲੋਂ ਤਿਆਰ ਕੀਤੇ ਸੀਰੀਅਲ 'ਗ੍ਰੇਟ ਗਾਮਾ' ਦੇ ਹੀਰੋ ਉੱਭਰਦੇ ਫਿਲਮੀ ਸਿਤਾਰੇ ਮੁਹੰਮਦ ਨਾਜ਼ਿਅਮ ਅਤੇ ਫਿਲਮ ਡਾਇਰੈਕਟਰ ਇਮਰਾਨ ਸ਼ੇਖ ਉਚੇਚੇ ਤੌਰ 'ਤੇ ਜਰਖੜ ਸਟੇਡੀਅਮ 'ਚ ਹਾਕੀ ਫੇਸਟੀਵਲ ਵੇਖਣ ਲਈ ਪੁੱਜੇ। ਇਸ ਮੌਕੇ ਉਹਨਾਂ ਨੇ ਹਾਕੀ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਜਰਖੜ ਸਟੇਡੀਅਮ ਅਤੇ ਹਾਕੀ ਅਕੈਡਮੀ ਵੱਲੋਂ ਖੇਡਾਂ ਦੀ ਬਿਹਤਰੀ ਲਈ ਕਿਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਅਕੈਡਮੀ ਦੇ ਚੇਅਰਮੈਨ ਅਸ਼ੋਕ ਪਰਾਸ਼ਰ, ਪੱਪੀ ਸ਼ਾਹਪੁਰੀਆ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਓਲੰਪੀਅਨ ਦੀਪਕ ਠਾਕੁਰ, ਅਚਿੰਤ ਗੋਇਲ ਐਮ.ਡੀ 'ਦਾ ਟ੍ਰੈਕਰ ਐਜੂਕੇਸ਼ਨ ਸੰਸਥਾ' ਮਲੇਰਕੋਟਲਾ, ਹਰਪ੍ਰੀਤ ਸਿੰਘ ਦੇਵਗਨ, ਪ੍ਰੋ. ਰਜਿੰਦਰ ਸਿੰਘ, ਜਗਮੋਹਣ ਸਿੰਘ ਸਿੱਧੂ, ਜਸਦੇਵ ਸਿੰਘ ਹੀਰਾ ਰੇਲਵੇ, ਆਦਿ ਹੋਰ ਪ੍ਰਬੰਧਕ ਉਚੇਚੇ ਤੌਰ 'ਤੇ ਹਾਜ਼ਰ ਸਨ। ਅਕੈਡਮੀ ਦੇ ਪ੍ਰਬੰਧਕ  ਪਰਮਜੀਤ ਸਿੰਘ ਨੀਟੂ, ਤੇਜਿੰਦਰ ਸਿੰਘ ਨੇ ਦੱਸਿਆ ਕਿ 2 ਜੂਨ ਨੂੰ ਸੀਨੀਅਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਗਿੱਲ ਕਲੱਬ ਪਟਿਆਲਾ ਬਨਾਮ ਕਿਲ੍ਹਾ ਰਾਏਪੁਰ ਵਿਚਕਾਰ ਸ਼ਾਮ 6 ਵਜੇ ਜਦਕਿ ਮੋਗਾ ਬਨਾਮ ਰਾਮਪੁਰ ਵਿਚਕਾਰ ਦੂਸਰਾ ਮੈਚ 7 ਵਜੇ, ਇਸਤੋਂ ਇਲਾਵਾ ਜੂਨੀਅਰ ਵਰਗ ਦੇ ਸੈਮੀਫਾਈਨਲ ਮੈਚ ਖੇਡੇ ਜਾਣਗੇ।
ਹਾਕੀ ਖੇਡ ਤੋਂ ਹਿੰਦੀ ਫਿਲਮ ਇੰਡਸਟਰੀ ਨੂੰ ਵੱਡਾ ਬੂਸਟ ਮਿਲਿਆ ਹੈ
ਜਰਖੜ ਸਟੇਡੀਅਮ ਵਿਖੇ ਉਚੇਚੇ ਤੌਰ 'ਤੇ ਪੁੱਜੇ ਫ਼ਿਲਮੀ ਸਿਤਾਰੇ ਮੁਹੰਮਦ ਨਾਜ਼ਿਅਮ ਨੇ ਖੇਡਾਂ ਦੇ ਮਾਹੌਲ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਖੇਡਾਂ ਖਾਸ ਕਰਕੇ ਹਾਕੀ ਤੋਂ ਫ਼ਿਲਮ ਇੰਡਸਟਰੀ ਨੂੰ ਵੱਡੇ ਪੱਧਰ 'ਤੇ ਬੂਸਟ ਮਿਲਿਆ ਹੈ। ਉਹਨਾਂ ਆਖਿਆ ਕਿ 'ਭਾਗ ਮਿਲਖਾ ਭਾਗ' ਤੋਂ ਬਾਅਦ ਹਾਕੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਦੇ  ਨਾਂਅ 'ਤੇ  ਬਣੀਆਂ 5 ਫਿਲਮਾਂ ਨੂੰ ਵੱਡੇ ਪੱਧਰ 'ਤੇ ਮਕਬੂਲਤਾ ਮਿਲੀ ਹੈ। ਉਹਨਾਂ ਆਖਿਆ ਹਾਕੀ ਦੇ ਜਾਦੂਗਰ ਧਿਆਨਚੰਦ ਤੇ ਗੋਲਡਨ ਹੈਟ੍ਰਿਕ ਜੜਨ ਵਾਲੇ ਓਲੰਪੀਅਨ ਬਲਬੀਰ ਸਿੰਘ, ਪੈਨਲਟੀ ਕਾਰਨਰ ਦੇ ਕਿੰਗ ਓਲੰਪੀਅਨ ਪਿ੍ਥੀਪਾਲ ਸਿੰਘ ਦੇ ਨਾਂਅ 'ਤੇ ਹਾਕੀ ਫਿਲਮਾਂ ਬਣਨ ਤੋਂ ਇਲਾਵਾ ਸੰਦੀਪ ਸਿੰਗ ਦੇ ਨਾਂਅ 'ਤੇ ਬਣੀ ਆਉਣ ਵਾਲੀ ਫਿਲਮ 'ਸੂਰਮਾ' ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਤੁਲੀ ਦੇ ਨਾਂਅ 'ਤੇ ਬਣੀ ਫਿਲਮ 'ਹਰਜੀਤਾ' ਫਿਲਮਾਂ ਨੇ ਖੇਡ ਜਗਤ 'ਚ ਇੱਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਉਹਨਾਂ ਆਖਿਆ ਕਿ ਸਲਮਾਨ ਖਾਨ ਵੱਲੋਂ ਤਿਆਰ ਕੀਤੇ ਜਾ ਰਹੇ ਸੰਸਾਰ ਪ੍ਰਸਿੱਧ ਪਹਿਲਵਾਨ 'ਗਾਮਾ' ਦੇ ਨਾਂਅ 'ਤੇ ਤਿਆਰ ਕੀਤਾ ਜਾਣ ਵਾਲਾ ਸੀਰੀਅਲ 'ਗ੍ਰੇਟ ਗਾਮਾ' ਵੀ ਇਸੇ ਕੜੀ ਦਾ ਹਿੱਸਾ ਹਨ ਅਤੇ ਇਹ ਸੀਰੀਅਲ ਇਹ ਦਰਸਾਏਗਾ ਕਿ ਖਿਡਾਰੀ ਹੀ ਸਮਾਜ ਦੇ ਅਸਲ ਹੀਰੋ ਹਨ।