• Home
  • ਉਜ਼ਬੇਕਿਸਤਾਨ ਦੇ ਰਾਜਦੂਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਉਜ਼ਬੇਕਿਸਤਾਨ ਦੇ ਰਾਜਦੂਤ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

 

ਚੰਡੀਗੜ, 28 ਅਪ੍ਰੈਲ
ਉਜ਼ਬੇਕਿਸਤਾਨ ਨੇ ਪੰਜਾਬ ਦੇ ਸਨਅਤੀ ਮਾਹੌਲ ਵਿੱਚ ਸੁਧਾਰ ਹੋਣ ਦੇ ਮੱਦੇਨਜ਼ਰ ਸੂਬੇ ਨਾਲ ਵਣਜ ਤੇ ਕਾਰੋਬਾਰੀ ਖਾਸ ਕਰਕੇ ਖੇਤੀਬਾੜੀ, ਸਿੱਖਿਆ ਅਤੇ ਸੈਰ-ਸਪਾਟੇ ਦੇ ਖੇਤਰ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਉਜ਼ਬੇਕਿਸਤਾਨ ਦੇ ਭਾਰਤੀ ਰਾਜਦੂਤ ਸ੍ਰੀ ਫਰਹੌਦ ਅਰਜ਼ੀਵ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੁਪਹਿਰ ਦੇ ਭੋਜਨ ਮੌਕੇ ਮੁਲਾਕਾਤ  ਕੀਤੀ ਜਿੱਥੇ ਦੋਵਾਂ ਹਸਤੀਆਂ ਨੇ ਭਾਰਤ ਅਤੇ ਕੇਂਦਰੀ ਏਸ਼ੀਅਨ ਮੁਲਕ ਦੇ ਹਿੱਤ ਲਈ ਦੁਵੱਲੀ ਦਿਲਚਸਪੀ ਵਾਲੇ ਇਲਾਕਿਆਂ ਵਿੱਚ ਸਹਿਯੋਗ ਲਈ ਵਿਚਾਰ-ਚਰਚਾ ਕੀਤੀ।
ਮੁੱਖ ਮੰਤਰੀ ਨੇ ਕਣਕ ਅਤੇ ਚਾਵਲ ਸਮੇਤ ਵੱਖ-ਵੱਖ ਵਸਤਾਂ ਉਜ਼ਬੇਕਿਸਤਾਨ ਨੂੰ ਬਰਾਮਦ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਉਜ਼ਬੇਕਿਸਤਾਨ ਤੇ ਅੰਮਿ੍ਰਤਸਰ (ਪੰਜਾਬ) ਦਰਮਿਆਨ ਸਿੱਧੇ ਹਵਾਈ ਸੰਪਰਕ ਨਾਲ ਕਾਰੋਬਾਰ ਵਧਾਉਣ ਦੀ ਅਥਾਹ ਸਮਰਥਾ ਹੈ। ਸ਼੍ਰੀ ਅਰਜ਼ੀਵ ਨੇ ਕਿਹਾ ਕਿ ਉਜ਼ਬੇਕਿਸਤਾਨ ਵੀ ਹਵਾਈ ਸੰਪਰਕ ਦੀ ਵਰਤੋਂ ਰਾਹੀਂ ਸ਼ਹਿਤੂਤ, ਖੁਰਮਾਣੀ ਅਤੇ ਆੜੂਆਂ ਵਰਗੇ ਤਾਜ਼ੇ ਫਲਾਂ ਦੇ ਨਾਲ ਉਨਾਂ ਦੇ ਮੁਲਕ ਵਿੱਚ ਆਰਗੈਨਿਕ ਢੰਗ ਨਾਲ ਪੈਦਾ ਹੁੰਦੇ ਸੁੱਕੇ ਮੇਵਿਆਂ ਦਾ ਕਾਰੋਬਾਰ ਵਧਾਉਣ ਦਾ ਇਛੁੱਕ ਹੈ।
ਰਾਜਦੂਤ ਨੇ ਕਿਹਾ ਕਿ ਚੇਨਈ ਤੋਂ ਉਜ਼ਬੇਕਿਸਤਾਨ ਜਾਂਦੀਆਂ ਮੁਸਾਫਰ ਤੇ ਕਾਰਗੋ ਉਡਾਨਾਂ ਦੀ ਵਰਤੋਂ ਵੀ ਵਪਾਰਕ ਗਤੀਵਿਧੀਆਂ ਲਈ ਕੀਤੀ ਜਾ ਸਕਦੀ ਹੈ। ਉਨਾਂ ਨੇ ਪੰਜਾਬ ਨੂੰ ਉਨਾਂ ਦੇ ਮੁਲਕ ਵਿੱਚ ਕਪਾਹ ਦੀ ਖੇਤੀ ਦੇਖਣ ਦੀ ਪੇਸ਼ਕਸ਼ ਕੀਤੀ ਕਿਉਂ ਜੋ ਉਨਾਂ ਦੀ ਭਾਰਤ ਨੂੰ ਕਪਾਹ ਬਰਾਮਦ ਕਰਨ ਵਿੱਚ ਦਿਲਚਸਪੀ ਹੈ।
ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵਿਦਿਆਰਥੀਆਂ ਲਈ ਅਦਾਨ-ਪ੍ਰਦਾਨ ਪ੍ਰੋਗਰਾਮ ਦੀ ਮੇਜ਼ਬਾਨੀ ਦਾ ਸੁਝਾਅ ਦਿੱਤਾ ਜਿਸ ਨਾਲ ਮੁੱਖ ਮੰਤਰੀ ਨੇ ਸਹਿਮਤੀ ਜ਼ਾਹਰ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਧਿਕਾਰੀਆਂ ਨੂੰ ਉਜ਼ਬੇਕਿਸਤਾਨ ਦੇ ਦੂਤਾਘਰ ਨਾਲ ਤਾਲਮੇਲ ਕਰਕੇ ਦੋਵਾਂ ਪਾਸਿਆਂ ਦਰਮਿਆਨ ਖੇਤੀਬਾੜੀ ਤਕਨਾਲੋਜੀ ਦਾ ਆਦਾਨ-ਪ੍ਰਦਾਨ ਤੇ ਗਿਆਨ ਸਾਂਝਾ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ।
ਭਾਰਤ ਤੇ ਉਜ਼ਬੇਕਿਸਤਾਨ ਵਿਚਕਾਰ ਡੂੰਘੀ ਸਾਂਝ ਦਾ ਜ਼ਿਕਰ ਕਰਦਿਆਂ ਉਜ਼ਬੇਕਿਸਤਾਨ ਦੇ ਸਫੀਰ ਨੇ ਧਾਰਮਿਕ ਤੇ ਵਿਰਾਸਤੀ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਬੁਖਾਰਾ ਜਿੱਥੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਕੀਤੀ ਸੀ, ਸਮੇਤ ਸਿੱਖ ਭਾਈਚਾਰੇ ਨਾਲ ਸਬੰਧਤ ਕਈ ਇਤਿਹਾਸਕ ਥਾਵਾਂ ਦਾ ਵੀ ਜ਼ਿਕਰ ਕੀਤਾ। ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਅਰਜ਼ੀਵ ਨੇ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਦੋਵਾਂ ਖਿੱਤਿਆਂ ਵੱਲੋਂ ਵਿਰਾਸਤੀ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਤਲਾਸ਼ਣ ’ਤੇ ਸਹਿਮਤੀ ਜ਼ਾਹਰ ਕੀਤੀ।
ਇਸ ਤੋਂ ਪਹਿਲਾਂ ਰਾਜਦੂਤ ਨੇ ਮੁੱਖ ਮੰਤਰੀ ਨੂੰ ਵਸੀਲਿਆਂ ਅਤੇ ਕੇਂਦਰੀ ਏਸ਼ੀਆ ਲਈ ਮਹੱਤਤਾ ਰੱਖਦੇ ਰਣਨੀਤਿਕ ਖੇਤਰ ਵਿੱਚ ਭਾਰਤ ਨਾਲ ਜੁੜਨ ਬਾਰੇ ਉਨਾਂ ਦੀ ਸਰਕਾਰ ਦੀ ਭੂਮਿਕਾ ਸਬੰਧੀ ਜਾਣਕਾਰੀ ਸਾਂਝੀ ਕੀਤੀ। ਪੰਜਾਬ ਨੂੰ ਖਾਦ ਸਪਲਾਈ ਵਿੱਚ ਡੂੰਘੀ ਦਿਲਚਸਪੀ ਜ਼ਾਹਰ ਕਰਦਿਆਂ ਸਫੀਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਛਬਹਾਰ ਬੰਦਰਗਾਹ ਖੁੱਲਣ ਨਾਲ ਈਰਾਨ ਰੂਟ ਰਾਹੀਂ ਉਨਾਂ ਦੇ ਮੁਲਕ ਦੇ ਭਾਰਤ ਨਾਲ ਕਾਰੋਬਾਰੀ ਗਤੀਵਿਧੀਆਂ ਦੇ ਹੋਰ ਮੌਕੇ ਖੁੱਲਣਗੇ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਦੂਤ ਨੇ ਪ੍ਰਾਈਵੇਟ ਸੈਕਟਰ ਦੇ ਉੱਦਮ ਤਹਿਤ ਤਾਸ਼ਕੰਦ ਵਿੱਚ ਇਕ ਸਾਂਝਾ ਹਸਪਤਾਲ ਸਥਾਪਤ ਕਰਨ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਇਸ ਸੁਝਾਅ ’ਤੇ ਗੌਰ ਕਰਨ ਲਈ ਸਹਿਮਤੀ ਦਿੱਤੀ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਅਤੇ ਪ੍ਰਮੁੱਖ ਸਕੱਤਰ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ ਹਾਜ਼ਰ ਸਨ।