• Home
  • ਉਤਰੀ ਕੋਰੀਆ ਦੀ ਧਮਕੀ ਦੇ ਮੱਦੇਨਜ਼ਰ ਟਰੰਪ ਨੇ ਫ਼ੋਨ ‘ਤੇ ਕੀਤੀ ਗੱਲਬਾਤ

ਉਤਰੀ ਕੋਰੀਆ ਦੀ ਧਮਕੀ ਦੇ ਮੱਦੇਨਜ਼ਰ ਟਰੰਪ ਨੇ ਫ਼ੋਨ ‘ਤੇ ਕੀਤੀ ਗੱਲਬਾਤ

ਸਿਓਲ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਦੱਖਣੀ ਕੋਰੀਆਈ ਹਮਰੁਤਬਾ ਮੂਨ ਜੇ ਇਨ ਨੇ ਸਿੰਗਾਪੁਰ ਵਿਚ ਪ੍ਰਸਤਾਵਤ ਬੈਠਕ ਰੱਦ ਕਰਨ ਦੀ ਉਤਰੀ ਕੋਰੀਆ ਦੀ ਧਮਕੀ ਦੇ ਮੱਦੇਨਜ਼ਰ ਫ਼ੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ 12 ਜੂਨ ਨੂੰ ਟਰੰਪ ਤੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਕਾਰ ਪ੍ਰਸਤਾਵਤ ਬੈਠਕ ਦੀ ਸਫਲਤਾ ਲਈ ਮਿਲ ਕੇ ਕੰਮ ਕਰਨ 'ਤੇ ਵੀ ਸਹਿਮਤੀ ਜਤਾਈ। ਅਮਰੀਕਾ ਤੇ ਦੱਖਣੀ ਕੋਰੀਆ ਨਾਲ ਸਾਧਾਰਨ ਹੁੰਦੇ ਰਿਸ਼ਤਿਆਂ ਵਿਚਕਾਰ ਪਿਛਲੇ ਹਫਤੇ ਉਤਰ ਕੋਰੀਆ ਨੇ ਅਚਾਨਕ ਕਿਮ ਤੇ ਟਰੰਪ ਦਰਮਿਆਨ ਹੋਣ ਵਾਲੀ ਇਤਿਹਾਸਕ ਬੈਠਕ ਨੂੰ ਰੱਦ ਕਰਨ ਦੀ ਧਮਕੀ  ਦਿੱਤੀ ਸੀ। ਉਤਰੀ ਕੋਰੀਆ ਨੇ ਅਮਰੀਕਾ ਤੇ ਦੱਖਣੀ ਕੋਰੀਆ ਦੇ ਸਾਂਝੇ ਜੰਗੀ ਅਭਿਆਸ ਤੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਅਮਰੀਕਾ ਦੀ ਇਕਪਾਸੜ ਸ਼ਰਤ 'ਤੇ ਨਰਾਜ਼ਗੀ ਜਤਾਈ ਸੀ। ਇਸ ਕਾਰਨ ਉਸ ਨੇ ਆਖਰੀ ਸਮੇਂ ਵਿਚ ਦੱਖਣੀ ਕੋਰੀਆ ਨਾਲ ਹੋਣ ਵਾਲੀ ਉਚ ਪੱਧਰੀ ਬੈਠਕ ਵੀ ਰੱਦ ਕਰ ਦਿੱਤੀ।  ਟਰੰਪ ਤੇ ਮੂਨ ਨੇ ਇਸ ਨੂੰ ਲੈ ਕੇ ਅਪਣੇ ਵਿਚਾਰ ਇਕ ਦੂਜੇ ਨਾਲ ਸਾਂਝੇ ਕੀਤੇ।  ਨਿਰਧਾਰਤ ਪ੍ਰੋਗਰਾਮ ਤਹਿਤ  12 ਜੂਨ ਨੂੰ ਸਿੰਗਾਪੁਰ ਵਿਚ ਟਰੰਪ ਤੇ ਕਿਮ ਵਿਚਕਾਰ ਇਤਿਹਾਸਕ ਬੈਠਕ ਹੋਣੀ ਹੈ। ਪਿਛਲੇ ਦਿਨੀਂ ਉਤਰੀ ਤੇ ਦੱਖਣੀ ਕੋਰੀਆ ਵਿਚਕਾਰ ਸਥਿਤ ਗੈਰ ਸੈਨਿਕ ਖੇਤਰ ਵਿਚ ਕਿਮ ਤੇ ਮੂਨ ਦੀ ਬੈਠਕ ਹੋਈ ਸੀ। ਦੋਵਾਂ ਆਗੂਆਂ ਦੀ ਇਸ ਮੁਲਾਕਾਤ ਨੇ ਹੀ ਟਰੰਪ ਤੇ ਕਿਮ ਦੀ ਬੈਠਕ ਦੀ ਜ਼ਮੀਨ ਤਿਆਰ ਕੀਤੀ ਸੀ।