• Home
  • ਇੱਕ ਪ੍ਰਚਾਰਕ ਦੀ ਦਸਤਾਰ ਲਾਹ ਕੇ ਉਸ ਦੇ ਕੇਸਾਂ ਦੀ ਬੇਅਦਬੀ ਕਰਨਾ ਕਿਹੜੇ ਪੰਥਕ ਗ੍ਰੰਥ ਵਿੱਚ ਲਿਖਿਆ ਹੈ?-ਸਰਨਾ

ਇੱਕ ਪ੍ਰਚਾਰਕ ਦੀ ਦਸਤਾਰ ਲਾਹ ਕੇ ਉਸ ਦੇ ਕੇਸਾਂ ਦੀ ਬੇਅਦਬੀ ਕਰਨਾ ਕਿਹੜੇ ਪੰਥਕ ਗ੍ਰੰਥ ਵਿੱਚ ਲਿਖਿਆ ਹੈ?-ਸਰਨਾ

ਅੰਮ੍ਰਿਤਸਰ- ਇੰਗਲੈਂਡ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਦੀ ਦਸਤਾਰ ਉਤਾਰਨ ਤੇ ਕੇਸਾਂ ਦੀ ਬੇਅਦਬੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਕਿਸੇ ਕੋਲ ਵਿਚਾਰਾਂ ਦੀ ਘਾਟ ਹੋਵੇ ਤਾਂ ਉਹ ਫਿਰ ਛਿੱਥਾ ਪਿਆ ਗਲ ਪੈਣ ਲੱਗਦਾ ਹੈ ਤੇ ਭਾਈ ਅਮਰੀਕ ਸਿੰਘ ਨਾਲ ਵਧੀਕੀ ਕਰਨ ਵਾਲਿਆਂ ਕੋਲ ਵੀ ਵਿਚਾਰਾਂ ਦੀ ਘਾਟ ਕਾਰਨ ਉਨ੍ਹਾਂ ਨੇ ਹਮਲਾ ਕਰਕੇ ਸੱਚੇ ਹੋਣ ਦਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਰਨਾ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਪਿਛਲੇ ਕਰੀਬ 20 ਸਾਲਾਂ ਤੋ ਭਾਈ ਅਮਰੀਕ ਸਿੰਘ ਚੰਡੀਗੜ੍ਹ ਨੂੰ ਜਾਣਦੇ ਹਨ ਤੇ ਉਹ ਇੱਕ ਵਧੀਆ ਇਨਸਾਨ ਹੀ ਨਹੀਂ ਸਗੋਂ ਵਧੀਆ ਪ੍ਰਚਾਰਕ ਵੀ ਹਨ ਤੇ ਇੱਕ ਪ੍ਰਚਾਰਕ ਦੀ ਦਸਤਾਰ ਲਾਹ ਕੇ ਉਸ ਦੇ ਕੇਸਾਂ ਦੀ ਬੇਅਦਬੀ ਕਰਨਾ ਕਿਹੜੇ ਪੰਥਕ ਗ੍ਰੰਥ ਵਿੱਚ ਲਿਖਿਆ ਹੈ? ਇੱਕ ਪਾਸੇ ਤਾਂ ਵਿਦੇਸ਼ਾਂ ਵਿੱਚ ਦਸਤਾਰ ਦੀ ਰੱਖਿਆ ਲਈ ਸਿੱਖਾਂ ਵੱਲੋਂ ਵੱਖ ਵੱਖ ਦੇਸ਼ਾਂ ਦੀਆ ਸਰਕਾਰਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਸਿੱਖਾਂ ਦੀ ਦਸਤਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਦੂਸਰੇ ਪਾਸੇ ਦਮਦਮੀ ਟਕਸਾਲ ਦੇ ਪੈਰੋਕਾਰਾਂ ਵੱਲੋਂ ਦਸਤਾਰਾਂ ਖਿਲਾਰੀਆਂ ਜਾ ਰਹੀਆਂ ਹਨ ।
ਉਨ੍ਹਾਂ ਨੇ ਕਿਹਾ ਕਿ ਭਾਈ ਅਮਰੀਕ ਸਿੰਘ ਤੇ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਨਹੀਂ ਦਿੰਦੇ ਜਦ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਵੀ ਹੁਕਮ ਹੋਇਆ ਹੈ ਕਿ ਜਿੰਨਾ ਚਿਰ ਤੱਕ ਦਸਮ ਗ੍ਰੰਥ ਬਾਰੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ ਹੈ ਊਨਾ ਚਿਰ ਤੱਕ ਕਿਸੇ ਵੀ ਪ੍ਰਕਾਰ ਦੀ ਟਿੱਪਣੀ ਨਾ ਕੀਤੀ ਜਾਵੇ ਜਦ ਕਿ ਭਾਈ ਅਮਰੀਕ ਸਿੰਘ ਚੰਡੀਗੜ੍ਹ ਗੁਰਬਾਣੀ ਦੀ ਕਥਾ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਕਰਦੇ ਹਨ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਸੁਣਦੀਆਂ ਹਨ। ਉਨ੍ਹਾਂ ਕਿਹਾ ਕਿ ਵਿਚਾਰਾ ਦੀ ਲੜਾਈ ਵਿਚਾਰਾਂ ਨਾਲ ਹੀ ਲੜੀ ਜਾਣੀ ਚਾਹੀਦੀ ਹੈ ਤੇ ਦੁਨੀਆ ਦੀ ਕੋਈ ਜੰਗ ਕਿਸੇ ਨੇ ਹਥਿਆਰਾਂ ਨੇ ਜਿੱਤੀ ਸਗੋਂ ਵਿਚਾਰਾ ਨੇ ਹੀ ਜਿੱਤੀ ਹੈ। ਚਾਹੀਦਾ ਇਹ ਸੀ ਕਿ ਹਮਲਾਵਰ ਆਪਣੀ ਵਿਦਵਤਾ ਦਾ ਸਬੂਤ ਦਿੰਦੇ ਹੋਏ ਭਾਈ ਸਾਹਿਬ ਨਾਲ ਵਿਚਾਰਾ ਦਾ ਸੰਵਾਦ ਰਚਾਉਂਦੇ ਤੇ ਸੰਗਤਾਂ ਆਪੇ ਹੀ ਫ਼ੈਸਲਾ ਕਰ ਦਿੱਤੀਆਂ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਘਟਨਾ ਸਪਸ਼ਟ ਕਰਦੀ ਹੈ ਕਿ ਹਮਲਾਵਰਾਂ ਕੋਲ ਵਿਚਾਰ ਨਹੀਂ ਸਨ।
ਸਰਨਾ ਨੇ ਕਿਹਾ ਕਿ ਜੇਕਰ ਇਹੀ ਦਸਤਾਰ ਜੇਕਰ ਕਿਸੇ ਬਾਦਲ ਦਲ਼ੀਏ ਮਲੂਕੇ ਤੇ ਤੋਤੇ ਵਰਗੇ ਦੀ ਲੱਥੀ ਹੁੰਦੀ ਤਾਂ ਜਥੇਦਾਰ ਨੇ ਅਸਮਾਨ ਚੁੱਕਣਾ ਲੈ ਲੈਣਾ ਸੀ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦੇ ਹਨ ਕਿ ਭਲੇ ਹੀ ਉਨ੍ਹਾਂ ਦੇ ਭਾਈ ਅਮਰੀਕ ਸਿੰਘ ਨਾਲ ਕੋਈ ਵਿਚਾਰਕ ਮਤਭੇਦ ਹੋਣ ਪਰ ਕਿਸੇ ਸਿੱਖ ਪ੍ਰਚਾਰਕ ਦੀ ਦਸਤਾਰ ਖਿਲਾਰੀ ਜਾਣੀ ਕੋਈ ਸਿਆਣਪ ਨਹੀਂ ਹੈ ਤੇ ਜਥੇਦਾਰ ਬਿਨਾਂ ਕਿਸੇ ਦੇਰੀ ਤੋ ਦਸਤਾਰ ਲਾਹੁਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਉਨ੍ਹਾਂ ਖ਼ਿਲਾਫ਼ ਮਰਿਆਦਾ ਅਨੁਸਾਰ ਕਾਰਵਾਈ ਕਰੇ ਤੇ ਘਟਨਾ ਦੀ ਨਿੰਦਾ ਕਰੇ।