• Home
  • ਆਸਾਰਾਮ ਨੇ ਸਜਾ ਐਲਾਨ ਹੋਣ ਦੇ 2 ਦਿਨ ਬਾਅਦ ਹੀ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਦਿੱਤਾ ਸੰਦੇਸ਼

ਆਸਾਰਾਮ ਨੇ ਸਜਾ ਐਲਾਨ ਹੋਣ ਦੇ 2 ਦਿਨ ਬਾਅਦ ਹੀ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਦਿੱਤਾ ਸੰਦੇਸ਼

ਜੋਧਪੁਰ- ਜੇਲ੍ਹ ਪ੍ਰਸ਼ਾਸਨ ਉੱਤੇ ਸੁਰੱਖਿਆ ਨੂੰ ਲੈ ਕੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦੋਂ ਬਲਾਤਕਾਰ ਦੇ ਦੋਸ਼ ਵਿਚ ਉਮਰ-ਕੈਦ ਦੀ ਸਜ਼ਾ ਐਲਾਨ ਹੋਣ ਦੇ ਦੋ ਦਿਨ ਬਾਅਦ ਹੀ ਆਸਾਰਾਮ ਨੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸ਼ੇਅਰ ਕਰ ਦਿੱਤੀ। ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਸ਼ੁੱਕਰਵਾਰ ਨੂੰ ਆਸਾਰਾਮ ਦੇ ਫੇਸਬੁੱਕ ਪੇਜ ‘ਤੇ ਵੀਡੀਓ ਤੇ ਪ੍ਰਵਚਨ ਦਿੰਦਾ ਆਡੀਓ ਚੱਲਿਆ। ਇਸ ਵੀਡੀਓ ਵਿਚ ਆਸਾਰਾਮ ਕਹਿੰਦਾ ਹੈ,”ਪਹਿਲਾ ਸ਼ਰਦ ਤੇ ਸ਼ਿਲਪੀ ਨੂੰ ਕੱਢਾਂਗੇ, ਬਾਅਦ ‘ਚ ਅਸੀਂ ਆ ਜਾਵਾਂਗੇ ਤੁਹਾਡੇ ਵਿੱਚ।” ਇਸਦੇ ਲਈ ਆਸਾਰਾਮ ਦੇ ਫੇਸਬੁੱਕ ਪੇਜ ‘ਤੇ ਸ਼ਾਮ ਨੂੰ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ। ਲਿਖਿਆ ਸੀ- 27 ਅਪ੍ਰੈਲ ਨੂੰ ਜੋਧਪੁਰ ਜੇਲ੍ਹ ‘ਚ ਸ਼ਾਮ 6:30 ਵਜੇ ਆਡੀਓ ਲਾਈਵ ਆਉਣ ਦੀ ਸੰਭਾਵਨਾ ਹੈ,’ਮੰਗਲਮਈ ‘ਤੇ ਜਰੂਰ ਸੁਣੋ।

ਜਿਸ ਮੰਗਲਮਈ ਦੀ ਗੱਲ ਹੋ ਰਹੀ ਹੈ ਉਹ ਆਸਾਰਾਮ ਦਾ ਮੋਬਾਈਲ ਐਪ ਹੈ। ਹਾਲਾਂਕਿ ਇੱਕ ਘੰਟੇ ਦੇ ਬਾਅਦ ਆਡੀਓ ਨੂੰ ਫੇਸਬੁੱਕ ਤੇ ਮੰਗਲਮਈ ਐਪ ਤੋਂ ਹਟਾ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਆਸਾਰਾਮ ਨੇ ਸਾਬਰਮਤੀ ਆਸ਼ਰਮ ‘ਚ 17 ਮਿੰਟ ਗੱਲ ਕੀਤੀ ਸੀ, ਸ਼ਾਇਦ ਇਸੇ ਨੂੰ ਜਾਰੀ ਕੀਤਾ ਗਿਆ ਹੈ। ਡੀਆਈਜੀ ਵਿਕਰਮ ਸਿੰਘ ਨੇ ਦੱਸਿਆ ਕਿ ਜੇਲ੍ਹ ‘ਚ ਬੰਦੀਆਂ ਜਾਂ ਕੈਦੀਆਂ ਨੂੰ ਕਿਸੇ ਦੋ ਨੰਬਰਾਂ ‘ਤੇ ਇੱਕ ਮਹੀਨੇ ‘ਚ ਕੁੱਲ 80 ਮਿੰਟ ਤੱਕ ਗੱਲ ਕਰਨ ਦੀ ਹੀ ਇਜਾਜ਼ਤ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ, ਹੋ ਸਕਦਾ ਹੈ ਕਿ ਇਸ ਗੱਲਬਾਤ ਨੂੰ ਆਸਾਰਾਮ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਚਲਾਇਆ ਗਿਆ ਹੋਵੇ।