ਆਪ ਨੇਤਾਵਾਂ ਨੇ ਭਰੇ ਬੁਢੇ ਨਾਲੇ ਚੋਂ ਜਹਿਰੀਲੇ ਪਾਣੀ ਦੇ ਨਮੂਨੇ -ਵਿਧਾਨ ਸਭਾ ਦਾ ਵਿਸੇਸ਼ ਇਜਲਾਸ: ਆਪ
ਗੌਂਸਪੁਰ, ਲੁਧਿਆਣਾ 30 ਮਈ -(ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਦਰਿਆਵਾਂ ਵਿਚ ਸਨਅੱਤਾਂ ਅਤੇ ਸੀਵਰੇਜ ਦੇ ਗੰਦੇ ਅਤੇ ਜਿਹਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬੀਮਾਰੀਆਂ ਤੋਂ ਸਰਕਾਰ ਅਤੇ ਜਨਤਾ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਅੱਜ ਪਾਰਟੀ ਦੇ ਸੂਬਾ ਸਹੁ- ਪ੍ਰਧਾਨ ਡਾ. ਬਲਬੀਰ ਸਿੰਘ ਦੀ ਅਗਵਾਈ ਵਿਚ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਪਿੰਡ ਗੌਸਪੁਰ, ਹੰਬੜਾਂ ਰੋਡ ( ਲੁਧਿਅਾਣਾ) ਤੋਂ 'ਬੁੱਢਾ ਨਾਲਾ' ਦੇ ਪ੍ਰਦੂਸ਼ਤ ਪਾਣੀ ਦੇ ਕਰੀਬ ਡੇੜ ਸੌ ਨਮੂਨੇ ਬੋਤਲਾਂ 'ਚ ਭਰੇ ਗਏ । ਇਸ ਉਪਰੰਤ ਨਮੂਨਿਆਂ ਨੂੰ ਇਕ ਵਿਸੇਸ਼ ਤੌਰ ਤੇ ਤਿਆਰ ਕੀਤੀ ਗੱਡੀ ਵਿਚ ਰੱਖ ਕੇ ਇਕ ਵੱਡੇ ਕਾਫਲੇ ਦੇ ਰੂਪ ਚੰਡੀਗੜ੍ਹ ਲਈ ਰਵਾਨਾ ਕੀਤਾ ਗਿਆ ਅਤੇ ਅੱਜ ਹੀ ਪਹਿਲਾ ਨਮੂਨਾ ਪਾਰਟੀ ਦੇ ਸੀਨਅਰ ਨੇਤਾਵਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕੀਤਾ ਜਾਵੇਗਾ । ਇਸੇ ਤਰ੍ਹਾਂ ਪੰਜਾਬ ਦੇ ਸਾਰੇ 117 ਵਧਾਇਕਾਂ ਅਤੇ ਲੋਕ ਸਭਾ/ਰਾਜ ਸਭਾ ਦੇ 20 ਮੈਂਬਰਾਂ ਨੂੰ ਇੱਕ - ਇੱਕ ਬੋਤਲ ਭੇਂਟ ਕੀਤੀ ਜਾਵੇਗੀ ਤਾਂ ਕਿ ਉਹ ਅੱਗੇ ਪੰਜਾਬ ਦੀ ਸਾਰੀ ਜਨਤਾ ਨੂੰ ਇਸ ਗੰਭੀਰ ਸਮੱਸਿਆ ਸਬੰਧੀ ਸੁਚੇਤ ਕਰ ਸਕਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅੈਮ ਪੀ ਸਾਧੂ ਸਿੰਘ , ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਅਨਿਲ ਠਾਕੁਰ (ਸਾਰੇ ਜ਼ੋਨ ਪ੍ਰਧਾਨ ), ਸੂਬਾ ਯੂਥ ਪ੍ਰਧਾਨ ਮਨਜਿੰਦਰ ਸਿੰਘ ਮਨਜਿੰਦਰ ਸਿੰਘ, ਸੂਬਾ ਸਪੋਕਸਪਰਸਨ ਦਰਸ਼ਨ ਸਿੰਘ ਸ਼ੰਕਰ, ਸੂਬਾ ਮੀਤ ਪ੍ਰਧਾਨ ਕਰਨਵੀਰ ਟਿਵਾਣਾ, ਸੂਬਾ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ , ਜ਼ੋਨ ਸੰਗੱਠਨ ਇੰਚਾਰਜ ਮੋਹਣ ਵਿਰਕ , ਜ਼ੋਨ ਯੂਥ ਪ੍ਰਧਾਨ ਅਮਨਦੀਪ ਮੋਹੀ, ਜਿਲਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਧਮੋਟ, ਜਿਲਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ , ਹਲਕਾ ਗਿੱਲ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਵੀ ਹਾਜਿਰ ਸਨ।
ਇਸ ਮੌਕੇ ਪਤਰਕਾਰਾਂ ਨਾਲ ਗੱਲ ਕਰਦੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਾਤਾਰ ਦਰਿਆਵਾਂ ਦੇ ਪ੍ਰਦੂਸ਼ਤ ਅਤੇ ਜਹਿਰੀਲੇ ਪਾਣੀ ਤੋਂ ਮਨੁੱਖੀ ਜੀਵਨ ਅਤੇ ਜੀਵ ਜੰਤੁਆਂ ਨੂੰ ਪੈਦਾ ਹੋਏ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਭਿਆਨਕ ਸਥਿਤੀ ਦੇ ਸਹੀ ਹੱਲ ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦਾ ਇਕ ਵਿਸੇਸ਼ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੇ ਆਗੂਆਂ ਨੂੰ ਮਾਝੇ ਦੇ ਪਿੰਡ ਬੁੱਟਰ ਸਿਵੀਆਂ ਦੀ ਡਰੇਨ ਨੇੜੇ ਨਾ ਜਾਣ ਦੀ ਸਖ਼ਤ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ 'ਪੰਜਾਬ ਦੇ ਦੋਖੀਆਂ ਦਾ ਰਾਖਾ' ਹੋਣ ਦਾ ਦੋਸ਼ ਲਗਾਇਆ ਹੈ। ਨਾਲ ਹੀ ਉਨ੍ਹਾਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰ ਰਹੇ 'ਰਸੂਖਦਾਰਾਂ' ਅਤੇ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਕੈਪਟਨ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ।
ਡਾ. ਬਲਬੀਰ ਸਿੰਘ ਅਤੇ ਸ਼੍ਰੀਮਤੀ ਮਾਣੂਕੇ ਨੇ ਕਿਹਾ ਕਿ ਦਰਿਆਵਾਂ ਦੇ ਪਲੀਤ ਅਤੇ ਜ਼ਹਿਰੀਲੇ ਪਾਣੀਆਂ ਨਾਲ ਭਾਰੀ ਤਾਦਾਦ ਵਿਚ ਲੋਕ ਅਤੇ ਕਰੋੜਾਂ ਜਲ-ਜੀਵ ਜੰਤੂ ਅਤੇ ਪੰਛੀ ਮਰ ਰਹੇ ਹਨ। ਮਾਝਾ, ਦੋਆਬਾ ਅਤੇ ਮਾਲਵਾ ਸਮੇਤ ਰਾਜਸਥਾਨ ਤੱਕ ਅਪੰਗ ਬੱਚੇ ਪੈਦਾ ਹੋ ਰਹੇ ਹਨ ਅਤੇ ਨੌਜਵਾਨਾਂ ਦੇ ਗੁਰਦੇ ਫ਼ੇਲ੍ਹ ਹੋ ਰਹੇ ਹਨ, ਪਰੰਤੂ ਪਿਛਲੀ ਬਾਦਲ ਸਰਕਾਰ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਇਸ ਸਮੱਸਿਆ ਦਾ ਹੱਲ ਕੱਢਣ ਦੀ ਥਾਂ ਕੈਂਸਰ ਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਵੰਡ ਰਹੇ 'ਮਾਫ਼ੀਆ' ਦੀ ਪਿੱਠ ਪੂਰ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਹੀ ਇਸ ਗੰਦੇ ਪਾਣੀ ਦੀ ਵੱਡੀ ਕੈਨ
ਮੁੱਖ ਮੰਤਰੀ ਕੈਪਟਨ ਨੂੰ ਭੇਂਟ ਕੀਤੀ ਜਾਵੇਗੀ ਤਾਂ ਕਿ ਉਹ ਖ਼ੁਦ, ਆਪਣੇ ਅਫ਼ਸਰਾਂ-ਅਧਿਕਾਰੀਆਂ ਅਤੇ ਮਹਿਮਾਨਾਂ ਨੂੰ ਇਸ ਪਾਣੀ ਦਾ ਸਵਾਦ ਚਖਾ ਕੇ ਦੇਖਣ, ਜਿਸ ਨੂੰ ਪੰਜਾਬ ਸਮੇਤ ਰਾਜਸਥਾਨ ਦੀ ਵੀ ਵੱਡੀ ਆਬਾਦੀ ਰੋਜ਼ ਪੀਂਦੀ ਹੈ ਅਤੇ ਜਾਨਲੇਵਾ ਬੀਮਾਰੀਆਂ ਨਾਲ ਤੜਫ ਰਹੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਗੰਦੇ, ਜ਼ਹਿਰੀਲੇ-ਪਲੀਤ ਪਾਣੀ ਨਾਲ ਪੀੜਿਤ ਪੰਜਾਬ ਦੀ ਜਨਤਾ ਇਹ ਦੇਖਣ ਲਈ ਉਤਸੁਕ ਹੈ ਕਿ ਖ਼ੁਦ ਨੂੰ 'ਪਾਣੀਆਂ ਦਾ ਰਾਖਾ' ਕਹਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਸਤਲੁਜ ਦੇ ਜਹਿਰੀਲੇ ਪਾਣੀ ਨੂੰ ਸਾਫ ਕਰਨ ਲਈ ਕੀ ਸਖਤ ਕਦਮ ਚੁਕਦੇ ਹਨ ਜਾਂ ਫਿਰ ਉਹ ਵੀ ਪ੍ਰਦੂਸ਼ਤ ਕਰਨ ਵਾਲੇ ਜਨਤਾ ਦੇ ਦੁਸ਼ਮਣਾਂ ਦੇ ਹੀ ਸਾਥ ਦਿੰਦੇ ਨੇ। । ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਮੰਤਰੀ ਓ.ਪੀ. ਸੋਨੀ ਲਈ ਗੁਰੂ ਚਰਨ ਛੋਹ ਪ੍ਰਾਪਤ ਚਿੱਟੀ ਵੇਈਂ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਹਰੀਕੇ ਪੱਤਣ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲਈ ਫਾਜਿਲਕਾ-ਜਲਾਲਾਬਾਦ ਨੇੜਲੇ ਸਤਲੁਜ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਲਈ ਸਰਦੂਲਗੜ੍ਹ ਨੇੜਲੀ ਘੱਗਰ ਨਦੀ ਦੇ ਪਾਣੀ ਦਾ ਪ੍ਰਬੰਧਵੀ ਜਲਦੀ ਕੀਤਾ ਜਾਵੇਗਾ ।
ਇਸ ਮੌਕੇ ਲਾਗਲੇ ਪਿਡਾੰ ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਨੇਤਾਵਾਂ ਅਤੇ ਮੀਡੀਆ ਨੂੰ ਉਨ੍ਹਾਂ ਦੇ ਪਿੰਡਾਂ ਵਿਚ ਜਹਿਰੀਲੇ ਪਾਣੀ ਨਾਲ ਮਨੁੱਖੀ ਜੀਵਨ ਨਾਲ ਹੋ ਰਹੇ ਖਿਲਵਾੜ ਤੋਂ ਜਾਣੂੰ ਕਰਾਇਆ ਅਤੇ ਆਮ ਆਦਮੀ ਪਾਰਟੀ ਵਲੋਂ ਇਸ ਗੰਭੀਰ ਮੁੱਦੇ ਨੂੰ ਚੁੱਕਣ ਲਈ ਧੰਨਵਾਦ ਕੀਤਾ ।