• Home
  • ਆਂਗਣਵਾੜੀ ਵਰਕਰ 6 ਨੂੰ ਭਖ਼ਾਉਣਗੀਆਂ ਅੰਦੋਲਨ

ਆਂਗਣਵਾੜੀ ਵਰਕਰ 6 ਨੂੰ ਭਖ਼ਾਉਣਗੀਆਂ ਅੰਦੋਲਨ

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਤ ਦੋਆਬਾ ਅਤੇ ਮਾਝਾ ਖੇਤਰ ਦੀ ਇਕ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਆਗੂਆਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪ੍ਰਤੀ ਸਰਕਾਰ ਦੇ ਦੋਖੀ ਰਵੱਈਏ ਦੀ ਸਖ਼ਤ ਨਿੰਦਾ ਕੀਤੀ ਅਤੇ ਸਰਕਾਰ ਖਿਲਾਫ਼ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਮਜ਼ਦੂਰ ਦਿਵਸ ਵਾਲੇ ਦਿਨ 1 ਮਈ ਨੂੰ ਪੰਜਾਬ ਭਰ ਵਿੱਚ ਬਲਾਕ ਪੱਧਰ ’ਤੇ ਕਾਲੇ ਝੰਡੇ ਹੱਥਾਂ ਵਿੱਚ ਫੜ ਕੇ ਆਂਗਣਵਾੜੀ ਵਰਕਰ ਤੇ ਹੈਲਪਰ ਸੜਕਾਂ ’ਤੇ ਉਤਰ ਕੇ ਰੋਸ ਪ੍ਰਰਦਸ਼ਨ ਕਰਨਗੀਆਂ। ਇਸੇ ਤਰ੍ਹਾਂ 6 ਮਈ ਨੂੰ ਸੂਬੇ ਦੇ 77 ਕਾਂਗਰਸੀ ਵਿਧਾਇਕਾਂ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਸੰਸਦ ਮੈਂਬਰਾਂ ਦੇ ਘਰਾਂ ਅੱਗੇ ਬੱਚਿਆਂ ਸਮੇਤ ਭੁੱਖ ਹੜਤਾਲ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਤੋਂ 19 ਮਈ ਤੱਕ ਲਗਾਤਾਰ 5 ਦਿਨ ਯੂਨੀਅਨ ਵੱਲੋਂ ਕਾਂਗਰਸੀ ਮੰਤਰੀਆਂ ਦੇ ਬੂਹਿਆਂ ਅੱਗੇ ਭੁੱਖ ਹੜਤਾਲ ਰੱਖੀ ਜਾਵੇਗੀ। ਇਸ ਦੌਰਾਨ ਆਂਗਣਵਾੜੀ ਵਰਕਰਾਂ/ਹੈਲਪਰਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲਿਆ ਜਦੋਂ ਅਸੂਲ ਮੰਚ ਪੰਜਾਬ ਦੇ ਕਨਵੀਨਰ ਬਲਵਿੰਦਰ ਸਿੰਘ, ਆਗੂ ਹਮੀਰ ਸਿੰਘ  ਅਤੇ ਪ੍ਰੋ. ਜਗਮੋਹਨ ਸਿੰਘ ਨੇ ਮੀਟਿੰਗ ਵਿੱਚ ਪੁੱਜ ਕੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਜਸਵੀਰ ਕੌਰ ਦਸੂਹਾ, ਸ਼ਿੰਦਰਪਾਲ ਕੌਰ ਥਾਂਦੇਵਾਲਾ, ਸਤਵੰਤ ਕੌਰ ਭੋਗਪੁਰ, ਰੀਮਾ ਰਾਣੀ ਰੋਪੜ, ਬਲਜੀਤ ਕੌਰ ਕੁਰਾਲੀ, ਮਨਜੀਤ ਕੌਰ ਸੁਲਤਾਨਪੁਰ ਲੋਧੀ, ਬਿਮਲਾ ਦੇਵੀ ਫਗਵਾੜਾ, ਜਤਿੰਦਰ ਕੌਰ ਚੋਹਲਾ ਸਾਹਿਬ, ਸੁਖਵਿੰਦਰ ਕੌਰ ਵਲਟੋਹਾ, ਗੁਰਪਿੰਦਰ ਕੌਰ ਵੇਰਕਾ, ਸੁਨੀਤਾ ਲੋਹੀਆਂ, ਸੁਮਨ ਨਰੋਟ  ਆਦਿ ਆਗੂ ਮੌਜੂਦ ਸਨ।