• Home
  • ਅਕਾਲੀਆਂ ਨੇ ਕਾਂਗਰਸ ਸਰਕਾਰ ਕੋਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 10 ਰੁਪਏ ਪ੍ਰਤੀ ਲੀਟਰ ਘਟਾਉਣ ਦੀ ਮੰਗ ਕੀਤੀ

ਅਕਾਲੀਆਂ ਨੇ ਕਾਂਗਰਸ ਸਰਕਾਰ ਕੋਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 10 ਰੁਪਏ ਪ੍ਰਤੀ ਲੀਟਰ ਘਟਾਉਣ ਦੀ ਮੰਗ ਕੀਤੀ

ਚੰਡੀਗੜ੍ਹ 6 ਜੂਨ (ਖ਼ਬਰ ਵਾਲੇ ਬਿਊਰੋ ):ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਕਿਹਾ ਹੈ ਕਿ ਉਹ ਆਪਣੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਨਾ ਕਰਨ ਅਤੇ ਆਪਣੀ ਸਰਕਾਰ ਨੂੰ ਕਹਿਣ ਕਿ ਪੈਟਰੋਲੀਅਮ ਵਸਤਾਂ ਉੱਤੇ ਲਾਏ ਭਾਰੀ ਟੈਕਸਾਂ ਨੂੰ ਘਟਾ ਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰੇ।
ਇੱਥੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ, ਸਰਦਾਰ ਬਲਵਿੰਦਰ ਸਿੰਘ ਭੂੰਦੜ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਕਾਂਗਰਸ ਸਰਕਾਰ ਇਹ ਪਹਿਲਕਦਮੀ ਕਰਦੀ ਹੈ ਤਾਂ ਇਸ ਦਾ ਕੇਂਦਰ ਕੋਲੋਂ ਅਜਿਹੀ ਕਟੌਤੀ ਦੀ ਮੰਗ ਕਰਨ ਦਾ ਨੈਤਿਕ ਦਾਅਵਾ ਮਜ਼ਬੂਤ ਹੋ ਜਾਵੇਗਾ। ਸੂਬੇ ਦੇ ਟੈਕਸਾਂ ਵਿਚ 50 ਫੀਸਦੀ ਦੀ ਕਮੀ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ 10 ਰੁਪਏ ਪ੍ਰਤੀ ਲੀਟਰ ਥੱਲੇ ਲੈ ਆਵੇਗੀ। ਜੇਕਰ ਅਜਿਹਾ ਹੋ ਗਿਆ ਤਾਂ ਅਸੀਂ ਕਾਂਗਰਸ ਵੱਲੋਂ ਕੇਂਦਰ ਤੋਂ ਕੀਤੀ ਜਾ ਰਹੀ ਮੰਗ ਦਾ ਸਮਰਥਨ ਕਰਾਂਗੇ ਅਤੇ ਆਮ ਆਦਮੀ ਲਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 20 ਰੁਪਏ ਪ੍ਰਤੀ ਲੀਟਰ ਤਕ ਲਿਆਉਣ ਲਈ ਕਾਂਗਰਸ ਨਾਲ ਦਿੱਲੀ ਜਾ ਕੇ ਕੇਂਦਰੀ ਟੈਕਸਾਂ ਵਿਚ ਬਰਾਬਰ ਦੀ ਕਟੌਤੀ ਕੀਤੇ ਜਾਣ ਦੀ ਮੰਗ ਕਰਾਂਗੇ। ਇਹ ਇੱਕ ਵੱਡੀ ਰਾਹਤ ਹੋਵੇਗੀ। ਹੁਣ ਗੇਂਦ ਕਾਂਗਰਸ ਦੇ ਪਾਲੇ ਵਿਚ ਹੈ। ਜੇਕਰ ਉਹ ਆਪਣੇ ਖਿਲਾਫ ਲੱਗੇ ਪਾਖੰਡਪੁਣੇ ਦੇ ਦੋਸ਼ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਹਨ ਤਾਂ ਇਹ ਉਹਨਾਂ ਲਈ ਸੁਨਿਹਰੀ ਮੌਕਾ ਹੈ। ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਵਾਸਤੇ ਉਹਨਾਂ ਨੂੰ ਸਾਡੀ ਪੇਸ਼ਕਸ਼ ਸਵੀਕਾਰ ਕਰਨੀ ਚਾਹੀਦੀ ਹੈ।
ਅਕਾਲੀ ਆਗੂ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਉਸ ਟਿੱਪਣੀ ਦਾ ਜੁਆਬ ਦੇ ਰਹੇ ਸਨ, ਜਿਸ ਵਿਚ ਜਾਖੜ ਨੇ ਕਿਹਾ ਸੀ ਕਿ ਅਕਾਲੀਆਂ ਨੂੰ ਕੇਂਦਰ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਉੱਤੇ ਸਭ ਤੋਂ ਵੱਧ ਟੈਕਸ ਹਨ, ਜਿਸ ਨਾਲ ਆਮ ਲੋਕਾਂ ਉਤੇ ਅਸਹਿ ਬੋਝ ਪੈ ਰਿਹਾ ਹੈ। ਕਾਂਗਰਸੀ ਆਗੂਆਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ 1ੁੱਤੇ ਮਗਰਮੱਛ ਦੇ ਹੰਝੂ ਵਹਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਠੋਸ ਕਦਮ ਚੁੱਕਦੇ ਹੋਏ ਇਹਨਾਂ ਵਸਤਾਂ ਉਤੇ ਸੂਬਾਈ ਟੈਕਸ ਘਟਾ ਕੇ ਲੋਕਾਂ ਦੀ ਮੱਦਦ ਕਰਨੀ ਚਾਹੀਦੀ ਹੈ।
ਅਕਾਲੀ ਆਗੂਆਂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਦੇ ਡਿੱਗ ਰਹੇ ਅਕਸ ਨੂੰ ਬਚਾਉਣ ਲਈ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਂਗਰਸੀਆਂ ਦਾ ਰੋਜ਼ਮੱਰਾ ਦਾ ਪੈਂਤੜਾ ਹੈ। ਉਹ ਆਪਣੀ ਹਾਈਕਮਾਂਡ ਖਾਸ ਕਰਕੇ ਸਿੱਖ ਵਿਰੋਧੀ ਗਾਂਧੀ-ਨਹਿਰੂ ਪਰਿਵਾਰ ਨੂੰ ਖੁਸ਼ ਕਰਨ ਲਈ ਅਕਾਲੀ ਆਗੂਆਂ ਖ਼ਿਲਾਫ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ। ਪਰ ਉਹ ਸੂਬੇ ਅੰਦਰ ਕਿਸੇ ਨੂੰ ਵੀ ਪ੍ਰਭਾਵਿਤ ਕਰਨ ਦੀ ਹੈਸੀਅਤ ਵਿਚ ਨਹੀਂ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਹਰ ਫਰੰਟ ਉੱਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਕਰਕੇ ਪੰਜਾਬ ਦੇ ਲੋਕੀਂ ਬੁਰੀ ਤਰ੍ਹਾਂ ਪਿਸ ਰਹੇ ਹਨ। ਕਾਂਗਰਸ ਸਰਕਾਰ ਨੇ ਹਰ ਵਰਗ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹ ਬੜੀ ਢੀਠਤਾਈ ਨਾਲ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਏ ਹਨ। ਇਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨਾਂ ਨਾਲ ਕੀਤੇ ਮੁਕੰਮਲ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁਕਰ ਕੇ ਕੀਤੀ। ਉਹਨਾਂ ਨੇ ਕਿਸਾਨਾਂ ਨੂੰ 5 ਰੁਪਏ ਤੋਂ 100 ਰੁਪਏ ਤਕ ਦੇ ਕਰਜ਼ਾ ਮੁਆਫੀ ਦੇ ਚੈਕ ਦੇ ਕੇ ਇਸ ਵਾਅਦੇ ਦਾ ਮਜ਼ਾਕ ਬਣਾ ਦਿੱਤਾ। ਕਿਸਾਨਾਂ ਨੇ ਅਜਿਹੇ ਚੈਕਾਂ ਨੂੰ ਨਹੀਂ ਲਿਆ। ਹਰ ਘਰ ਵਿਚ ਨੌਕਰੀਆਂ ਦੇਣ ਦੇ ਵਾਅਦੇ ਦਾ ਕੀ ਬਣਿਆ? ਕਿਹੜੇ ਨੌਜਵਾਨ ਨੂੰ ਵਾਅਦੇ ਮੁਤਾਬਿਕ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਮਿਲਿਆ ਹੈ? ਕੀ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਕੀਤੇ ਵਾਅਦੇ ਮੁਤਾਬਿਕ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾ ਕੇ 1500 ਰੁਪਏ ਕਰ ਦਿੱਤੀ ਹੈ? ਉਹਨਾਂ ਨੇ ਨੌਜਵਾਨਾਂ ਨੂੰ ਹਰ ਘਰ ਨੌਕਰੀ ਅਤੇ ਮੁਫਤ ਮੋਬਾਇਲ ਫੋਨ ਦੇ ਵਾਅਦੇ ਕਰਕੇ ਧੋਖਾ ਦਿੱਤਾ। ਫਿਰ ਕਾਂਗਰਸ ਸਰਕਾਰ ਨੇ ਸ਼ਗਨ ਸਕੀਮ ਦੀ ਰਾਸ਼ੀ 15 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਕਰਨ ਦੇ ਵਾਅਦੇ ਤੋਂ ਮੁਕਰ ਕੇ ਗਰੀਬ ਦਲਿਤਾਂ ਨਾਲ ਵਿਸ਼ਵਾਸ਼ਘਾਤ ਕੀਤਾ। ਉਹ ਚਾਹੇ ਵਪਾਰੀ ਹੋਣ ਜਾਂ ਕਰਮਚਾਰੀ ਕਾਂਗਰਸ ਸਰਕਾਰ ਵੱਲੋਂ ਕੀਤੇ ਧੋਖਿਆਂ ਤੋਂ ਸਮਾਜ ਦਾ ਹਰ ਵਰਗ ਪੀੜਤ ਹੈ ਅਤੇ ਸ੍ਰੀ ਜਾਖੜ ਕਿਹੜੇ ਮੂੰਹ ਨਾਲ ਅਕਾਲੀਆਂ ਦੀ ਨੁਕਤਾਚੀਨੀ ਕਰ ਰਹੇ ਹਨ?
ਉਹਨਾਂ ਕਿਹਾ ਕਿ ਕਾਂਗਰਸੀ ਆਗੂ ਲੋਕਾਂ ਨਾਲ ਝੂਠੀ ਹਮਦਰਦੀ ਵਿਖਾਉਣ ਦੀ ਥਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਕੋਈ ਠੋਸ ਸਰਕਾਰੀ ਕਦਮ ਚੁੱਕਣ। ਉਹਨਾਂ ਦੀ ਆਮ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਅਤੇ ਸਮਾਜ ਦੇ ਗਰੀਬ ਤਬਕਿਆਂ ਪ੍ਰਤੀ ਹਮਦਰਦੀ ਵਿਚ ਕਿੰਨੀ ਕੁ ਸੰਜੀਦਗੀ ਹੈ, ਇਸ ਦਾ ਸਬੂਤ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਲਈ ਆਪਣੇ ਪਾਖੰਡਪੁਣੇ ਤੋਂ ਬਾਹਰ ਆਉਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਉਹ ਆਪਣੀ ਸਰਕਾਰ ਨੂੰ ਕਹਿਣ ਕਿ ਉਹ ਪੈਟਰੋਲ -ਡੀਜ਼ਲ ਉੱਤੇ ਆਪਣੇ ਟੈਕਸਾਂ ਵਿਚ 50 ਫੀਸਦੀ ਕਟੌਤੀ ਕਰੇ। ਇਸ ਕਦਮ ਨਾਲ ਇਹਨਾਂ ਦੋਵੇਂ ਵਸਤਾਂ ਦੀ  ਕੀਮਤ 10 ਰੁਪਏ ਪ੍ਰਤੀ ਲੀਟਰ ਥੱਲੇ ਆ ਜਾਵੇਗੀ।