• Home
  • ਅਕਾਲੀਆਂ ਦੇ” ਸੰਗਤ ਦਰਸ਼ਨ” ਪ੍ਰੋਗਰਾਮ ਦੀ ਤਰਜ਼ ਤੇ ਕਾਂਗਰਸੀਆਂ ਨੇ ਸ਼ੁਰੂ ਕੀਤਾ “ਸਰਕਾਰ ਤੁਹਾਡੇ ਪਿੰਡ ਵਿੱਚ “ਪ੍ਰੋਗਰਾਮ

ਅਕਾਲੀਆਂ ਦੇ” ਸੰਗਤ ਦਰਸ਼ਨ” ਪ੍ਰੋਗਰਾਮ ਦੀ ਤਰਜ਼ ਤੇ ਕਾਂਗਰਸੀਆਂ ਨੇ ਸ਼ੁਰੂ ਕੀਤਾ “ਸਰਕਾਰ ਤੁਹਾਡੇ ਪਿੰਡ ਵਿੱਚ “ਪ੍ਰੋਗਰਾਮ

ਖੰਨਾ (ਲੁਧਿਆਣਾ), 22 ਮਈ ( ਖ਼ਬਰ ਵਾਲੇ ਬਿਊਰੋ )
ਪਿਛਲੀ ਅਕਾਲੀ ਸਰਕਾਰ ਮੌਕੇ ਸਰਕਾਰ ਦਾ ਰਾਜਨੀਤਕ ਲਾਹਾ ਲੈਣ ਲਈ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਜਾਂਦੇ ਸਨ ਹੁਣ ਕਾਂਗਰਸੀਆਂ ਨੇ ਵੀ ਸੱਦਾ ਲੋਕਾਂ ਵਿੱਚ ਜਾਣ ਲਈ ਸਰਕਾਰ ਤੁਹਾਡੇ ਪਿੰਡ ਵਿੱਚ ਪ੍ਰੋਗਰਾਮ ਕਰਕੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਣ ਦਾ ਰਾਹ ਲੱਭ ਲਿਆ ਹੈ । ਇਸ ਦੀ ਸ਼ੁਰੂਆਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਆਪਣੇ ਹਲਕੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ । ਇਸ ਸਬੰਧੀ ਪ੍ਰੈੱਸ ਨੋਟ ਰਾਹੀਂ ਵਿਧਾਇਕ ਕੋਟਲੀ ਵੱਲੋਂ ਦੱਸਿਆ ਗਿਆ ਕ
-''ਲੋਕ ਭਲਾਈ ਸਕੀਮਾਂ ਦਾ ਲਾਭ ਲਾਭਪਾਤਰੀਆਂ ਨੂੰ ਸਮੇਂ ਸਿਰ ਦੇਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੈ। ਸਮਾਜਿਕ ਸੰਗਠਨਾਂ ਦੇ ਆਗੂ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋੜਵੰਦਾਂ ਨੂੰ ਸਮੇਂ ਸਿਰ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਯੋਗ ਅਤੇ ਲੋੜਵੰਦ ਲੋਕ ਕਈ ਵਾਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੀ ਅਣਹੋਂਦ ਕਾਰਨ ਲਾਭ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ ਜਾਂਦੇ ਹਨ। ਇਸ ਲਈ ਅਸੀਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਹਰ ਇੱਕ ਲੋੜਵੰਦ ਅਤੇ ਯੋਗ ਵਿਅਕਤੀ ਨੂੰ ਇਹਨਾਂ ਯੋਜਨਾਵਾਂ ਦਾ ਲਾਭ ਪਹੁੰਚਾਇਆ ਜਾਵੇ''।
ਵਿਧਾਇਕ ਸ੍ਰ. ਗੁਰਕੀਰਤ ਸਿੰਘ ਕੋਟਲੀ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ (ਗੁਰਮਾ ਪੱਤੀ) ਪਿੰਡ ਬੀਜਾ ਵਿਖੇ ਲਗਾਏ ਜਾਣ ਵਾਲੇ ਲੋਕ ਸੁਵਿਧਾ ਕੈਂਪ 'ਸਰਕਾਰ ਤੁਹਾਡੇ ਪਿੰਡ ਵਿੱਚ' ਦੇ ਸਬੰਧੀ ਵਿੱਚ ਜਾਣਕਾਰੀ ਦੇਣ ਮੌਕੇ ਕੀਤਾ। ਉਹਨਾਂ ਨੇ ਕਿਹਾ ਕਿ ਇਸ ਲੋਕ ਸੁਵਿਧਾ ਕੈਂਪ ਵਿੱਚ ਪਿੰਡ ਬੀਜਾ, ਮਡਿਆਲਾ, ਕੋਟ ਸੇਖੋਂ, ਕੋਟ ਪਨੈਚ, ਅਸਗਰੀਪੁਰ ਅਤੇ ਰਾਏਪੁਰ ਪਿੰਡਾਂ ਦੇ ਲੋੜਵੰਦ ਵਿਅਕਤੀ ਇਸ ਦਾ ਸਮੇਂ ਸਿਰ ਪੁੱਜ ਕੇ ਲਾਹਾ ਲੈ ਸਕਦੇ ਹਨ। ਉਹਨਾਂ ਦੱਸਿਆ ਕਿ 24 ਮਈ ਨੂੰ ਸਵੇਰੇ 9 ਵਜੇ ਤੋਂ ਲੋਕ ਸੁਵਿਧਾ ਕੈਂਪ ਦੌਰਾਨ ਲੋਕਾਂ ਦੇ ਕੰਮ ਇੱਕ ਛੱਤ ਥੱਲੇ ਪ੍ਰੋਗਰਾਮ ਤਹਿਤ ਕੀਤੇ ਜਾਣਗੇ। ਉਹਨਾਂ ਹੋਰ ਦੱਸਿਆ ਕਿ ਇਸ ਕੈਪ ਵਿੱਚ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਮੌਕੇ 'ਤੇ ਬੁਲਾ ਕੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਵਿਅਕਤੀਆਂ ਨੂੰ ਦਿੱਤਾ ਜਾਵੇਗਾ।
ਸ੍ਰੀ ਕੋਟਲੀ ਨੇ ਕਿਹਾ ਕਿ ਜਿਹੜੀਆਂ ਸਕੀਮਾਂ ਦਾ ਲਾਭ ਲੋੜਵੰਦ ਵਿਅਕਤੀਆਂ ਨੂੰ ਦਿੱਤਾ ਜਾਣਾ ਹੈ ਉਹਨਾਂ ਵਿੱਚ ਪੈਨਸ਼ਨ ਸਕੀਮ, ਅਸ਼ੀਰਵਾਦ  ਸਕੀਮ, ਆਟਾ/ਦਾਲ ਸਕੀਮ, ਕਿਰਤੀ ਲਾਭ ਪਾਤਰੀ ਕਾਰਡ, ਗਰੀਬ ਵਰਗ ਦੇ ਬਿਜਲੀ ਦੇ ਬਿੱਲ, ਸੈਨਿਕ ਭਲਾਈ ਸਕੀਮ, ਮਨਰੇਗਾ ਸਕੀਮ, ਐਸ.ਸੀ.ਬੀ.ਸੀ ਕੈਟਾਗਰੀ, ਡੇਅਰੀ/ਪਸ਼ੂ ਪਾਲਣ ਵਾਸਤੇ ਸਕੀਮਾ, ਜਲ ਸਪਲਾਈ ਵਿਭਾਗ ਅਤੇ ਕਿਸਾਨੀ ਕਰਜਿਆਂ ਸਬੰਧੀ ਸਕੀਮਾਂ, ਸਿਹਤ ਵਿਭਾਗ ਵੱਲੋਂ ਜਨਮ ਤੇ ਮੌਤ ਸਰਟੀਫੀਕੇਟ, ਗੈਸ ਕੁਨੈਕਸ਼ਨ ਆਦਿ ਦਾ ਲਾਭ ਲੋੜਵੰਦ ਲੋਕਾਂ ਨੂੰ ਦੇਣ ਲਈ ਫਾਰਮ ਭਰੇ ਜਾਣਗੇ ਅਤੇ ਜਿਹੜੇ ਲਾਭਪਾਤਰੀਆਂ ਨੂੰ ਇਹਨਾਂ ਸਕੀਮਾਂ ਦਾ ਮਿਲ ਰਿਹਾ ਲਾਭ ਕਿਸੇ ਕਾਰਨ ਰੁਕ ਗਿਆ ਹੈ ਉਹਨਾਂ ਦੇ ਦਸਤਾਵੇਜ਼ ਦਰੁਸਤ ਕਰਵਾ ਕੇ ਪੜਤਾਲ ਕਰਕੇ ਮੁੜ ਸਹੂਲਤਾਂ ਅਤੇ ਲਾਭ ਦਿੱਤੇ ਜਾਣਗੇ। ਸ. ਕੋਟਲੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋੜਵੰਦ ਵਿਅਕਤੀ 24 ਮਈ ਨੂੰ ਪਿੰਡ ਬੀਜਾ ਵਿਖੇ ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਸਮੇਂ ਸਿਰ ਪਿੰਡ ਬੀਜਾ ਵਿਖੇ ਪਹੁੰਚ ਸਕਦੇ ਹਨ।