2022-03-25 12:48:58 ( ਖ਼ਬਰ ਵਾਲੇ ਬਿਊਰੋ )
ਭਗਵੰਤ ਮਾਨ ਵੱਲੋਂ ਇੱਕ ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਣ 'ਤੇ ਪੰਜਾਬ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਬੀਤੇ ਦਿਨ ਮੱੁਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਦੌਰਾਨ ਪੰਜਾਬ ਦੇ ਮਾੜੇ ਵਿੱਤੀ ਹਾਲਾਤ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਤੋਂ ਵਿੱਤੀ ਪੈਕੇਜ ਦੀ ਮੰਗ ਕੀਤੀ ਸੀ ਕਿ ਦੋ ਸਾਲ ਪੰਜਾਬ ਨੂੰ ਦੋ ਵੱਖ ਵੱਖ ਕਿਸ਼ਤਾਂ 'ਚ ਜੇਕਰ 50-50 ਲੱਖ ਕਰੋੜ ਮਿਲ ਜਾਂਦੇ ਤਾਂ ਪੰਜਾਬ ਮੁੜ ਤੋਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ। ਪਰ ਹੁਣ ਇਸ ਪੈਕੇਜ ਦੀ ਮੰਗ ਤੋਂ ਬਾਅਦ ਸਿਆਸਤ ਗਰਮਾ ਗਈ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅਰਵਿੰਦ ਕੇਜਰੀਵਾਲ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਸੀਐਮ ਮਾਨ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ 54 ਹਜ਼ਾਰ ਕਰੋੜ ਦਾ ਇੰਤਜ਼ਾਮ ਕੀਤਾ ਹੈ। ਫਿਰ ਅਸੀਂ ਕੇਂਦਰ ਸਰਕਾਰ ਤੋਂ ਕਿਉਂ ਮੰਗ ਰਹੇ ਹਾਂ।
https://twitter.com/ParambansRomana/status/1506998626739884034?s=20&t=wj4Y5rvPFedL6o5Xb29bxA
ਇਸ ਮਾਮਲੇ 'ਚ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ 'ਆਪ' ਨੇ ਕਿਹਾ ਸੀ ਕਿ ਮਾਫੀਆ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਕਰੋੜਾਂ ਰੁਪਏ ਇਕੱਠੇ ਕਰਨਗੇ। ਹੁਣ ਸਰਕਾਰ ਬਣ ਗਈ ਤਾਂ ਕੇਂਦਰ ਤੋਂ ਆਪਣੇ ਲੁਭਾਉਣੇ ਵਾਅਦਿਆਂ ਲਈ ਪੈਸੇ ਕਿਉਂ ਮੰਗ ਰਹੇ ਹੋ। ਇਸ ਤਰ੍ਹਾਂ ਹਰ ਰਾਜ ਦੀ ਸਰਕਾਰ ਮੁਫਤ ਵਿਚ ਵਾਅਦੇ ਕਰੇਗੀ ਅਤੇ ਬਾਅਦ ਵਿਚ ਪੈਸੇ ਮੰਗਦੀ ਕੇਂਦਰ ਕੋਲ ਪਹੁੰਚ ਜਾਵੇਗੀ।
https://twitter.com/mssirsa/status/1507028015414669317?s=20&t=T0KelRuUZcFtaLvlvzn5AA
ਹਾਲਾਂਕਿ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਆਜ਼ਾਦੀ ਵਿੱਚ ਪਾਏ ਯੋਗਦਾਨ ਲਈ ਸੂਬਾ ਵਿਸ਼ੇਸ਼ ਪੈਕੇਜ ਦਾ ਹੱਕਦਾਰ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੋਂ ਇੱਕ ਲੱਖ ਕਰੋੜ ਦੇ ਪੈਕੇਜ ਦੀ ਮੰਗ ਦਾ ਸਮਰਥਨ ਕਰਦੇ ਹਨ। ਹਾਲਾਂਕਿ ਮੈਂ ਉਮੀਦ ਕਰਦਾ ਹਾਂ ਕਿ ਭਗਵੰਤ ਮਾਨ ਪੰਜਾਬ ਨੂੰ ਮਾਫੀਆ ਤੋਂ ਮੁਕਤ ਕਰਵਾ ਕੇ ਖਜ਼ਾਨੇ 'ਚ ਪੈਸਾ ਲਿਆ ਕੇ ਸੂਬੇ ਦਾ ਵਿਕਾਸ ਕਰਵਾਉਣਗੇ।