2022-07-06 19:39:03 ( ਖ਼ਬਰ ਵਾਲੇ ਬਿਊਰੋ )
ਮੋਗਾ, 6 ਜੁਲਾਈ- ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਜ਼ਿਲਾ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਯਕੀਨੀ ਬਣਾਉਣ ਕਿ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਅਤੇ ਦਫ਼ਤਰਾਂ ਦੇ ਅੰਦਰ ਬਾਹਰ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨਾਂ ਜ਼ਿਲਾ ਮੋਗਾ ਵਿੱਚੋਂ ਲੰਘਦੀ ਨੈਸ਼ਨਲ ਹਾਈਵੇ 95 ਦੇ ਵਿਚਕਾਰ ਅਤੇ ਆਲੇ-ਦੁਆਲੇ ਸਜਾਵਟੀ ਬੂਟੇ ਲਗਾਉਣ ਦੀ ਹਦਾਇਤ ਕੀਤੀ। ਇੱਕ ਅੰਦਾਜ਼ੇ ਮੁਤਾਬਿਕ ਜ਼ਿਲਾ ਮੋਗਾ ਅਧੀਨ ਪੈਂਦੇ ਇਕੱਲੇ ਸੂਏ, ਨਾਲ਼ੇ, ਨਹਿਰਾਂ ਅਤੇ ਲਿੰਕ ਸੜਕਾਂ ਦੁਆਲੇ ਹੀ 1 ਲੱਖ ਤੋਂ ਵਧੇਰੇ ਪੌਦੇ ਲਗਾਏ ਜਾਣ ਦਾ ਟੀਚਾ ਹੈ। ਉਹ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਵੱਖ-ਵੱਖ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਨੈਸ਼ਨਲ ਹਾਈਵੇ 95 ਦੇ ਵਿਚਕਾਰ ਅਤੇ ਆਲੇ-ਦੁਆਲੇ ਸਜਾਵਟੀ ਬੂਟੇ ਲਗਾਉਣ ਲਈ ਐਸਟੀਮੇਟ ਤਿਆਰ ਕਰਨ। ਉਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਜਿੰਨੇ ਵੀ ਬੂਟੇ ਲਗਾਉਂਦੇ ਹਨ ਉਨਾਂ ਨੂੰ ਸਮੇਂ ਸਮੇਂ ਉੱਤੇ ਪਾਣੀ ਪਾਉਣਾ ਅਤੇ ਸੰਭਾਲਣਾ ਵੀ ਯਕੀਨੀ ਬਣਾਉਣ। ਉਨਾਂ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਦੇ ਸਾਰੇ ਚੌਕਾਂ ਵਿੱਚ ਪੌਦੇ ਲਗਾਏ ਅਤੇ ਸੰਭਾਲੇ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਜ਼ਿਲਾ ਮੋਗਾ ਵਿੱਚ ਪੈਂਦੇ ਸਾਰੇ ਵਾਟਰ ਵਰਕਸ, ਸਿੰਚਾਈ ਵਿਭਾਗ ਦੀਆਂ ਜ਼ਮੀਨਾਂ, ਡਰੇਨਾਂ ਦੇ ਨਾਲ-ਨਾਲ ‘ਮਿੰਨੀ ਫੌਰੈਸਟ’ ਵਿਕਸਤ ਕਰਵਾਏ ਜਾਣ। ਇਸ ਕੰਮ ਲਈ ਸਹਿਯੋਗ ਦੇਣ ਲਈ ਜ਼ਿਲਾ ਮੋਗਾ ਦੀ ਪ੍ਰਸਿੱਧ ਗੈਰ ਸਰਕਾਰੀ ਸੰਸਥਾ ਰਾਊਂਡਗਲਾਸ ਫਾਊਂਡੇਸ਼ਨ ਨੂੰ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਨੈਸਲੇ ਪ੍ਰਾਈਵੇਟ ਲਿਮਿਟਡ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਨੈਸ਼ਨਲ ਹਾਈਵੇ 95 ਨੂੰ ਹਰਾ-ਭਰਾ ਅਤੇ ਸੋਹਣਾ ਬਣਾਉਣ ਲਈ ਸਜਾਵਟੀ ਬੂਟੇ ਲਗਾਉਣ। ਜ਼ਿਲਾ ਮੋਗਾ ਵਿੱਚ ਲਗਾਏ ਜਾਣ ਵਾਲੇ ਬੂਟਿਆਂ ਨੂੰ ਸੰਭਾਲਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ‘ਵਣ ਮਿੱਤਰ’ ਲਗਾਉਣ ਲਈ ਕਿਹਾ ਗਿਆ। ਇਸੇ ਤਰਾਂ ਡਰੋਲੀ ਭਾਈ ਤੋਂ ਪਿੰਡ ਭੇਖਾਂ ਤੱਕ ਦੀ ਸੜਕ ਨੂੰ ਹਰਾ ਭਰਾ ਕਰਨ ਦੀ ਜਿੰਮੇਵਾਰੀ ਪਿੰਡ ਡਰੋਲੀ ਭਾਈ ਦੀ ਧਾਰਮਿਕ ਸੰਸਥਾ ਵੱਲੋਂ ਆਪਣੇ ਸਿਰ ਲਈ ਗਈ।
ਉਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਆਪਣੇ ਅਧੀਨ ਆਉਂਦੀਆਂ ਦਫ਼ਤਰੀ ਇਮਾਰਤਾਂ ਦੀਆਂ ਛੱਤਾਂ ਦੀ ਸਫ਼ਾਈ ਕਰਵਾ ਲਈ ਜਾਵੇ। ਉਨਾਂ ਕਿਹਾ ਕਿ ਆਮ ਤੌਰ ਉੱਤੇ ਦੇਖਿਆ ਜਾਂਦਾ ਹੈ ਕਿ ਮੀਂਹ ਦੇ ਦਿਨਾਂ ਦੌਰਾਨ ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ਉਤੇ ਕਿੰਨਾਂ-ਕਿੰਨਾਂ ਸਮਾਂ ਪਾਣੀ ਖੜਾ ਰਹਿੰਦਾ ਹੈ ਜਿਸ ਕਾਰਨ ਛੱਤਾਂ ਚੋਣ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਕੋਈ ਵੱਡਾ ਨੁਕਸਾਨ ਹੋਣ ਦਾ ਵੀ ਖਦਸ਼ਾ ਬਣ ਜਾਂਦਾ ਹੈ। ਇਹ ਸਭ ਸਮੇਂ-ਸਮੇਂ ਉਤੇ ਛੱਤਾਂ ਦੀ ਸਫਾਈ ਨਾ ਕਰਾਉਣ ਦੇ ਕਾਰਨ ਹੁੰਦਾ ਹੈ। ਕਈ ਵਾਰ ਪਾਣੀ ਜਿਆਦਾ ਸਮਾਂ ਖੜਾ ਰਹਿਣ ਕਾਰਨ ਵੱਡੇ ਵੱਡੇ ਦਰੱਖ਼ਤ ਵੀ ਛੱਤਾਂ ਜਾਂ ਕੰਧਾਂ ਵਿੱਚ ਉੱਗ ਜਾਂਦੇ ਹਨ। ਜਿਸ ਨਾਲ ਪੂਰੀ ਇਮਾਰਤ ਨੂੰ ਨੁਕਸਾਨ ਹੁੰਦਾ ਹੈ।
ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਕੁਦਰਤ ਦੀ ਇੱਕ ਅਨਮੋਲ ਦਾਤ ਹੈ ਜਿਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਮੀਂਹ ਦੇ ਰੂਪ ਵਿੱਚ ਡਿੱਗਣ ਵਾਲਾ ਪਾਣੀ ਸਾਡੀ ਧਰਤੀ ਦੇ ਨਿੱਤ ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਿੱਚ ਬਹੁਤ ਸਹਾਈ ਹੋ ਸਕਦਾ ਹੈ। ਇਸ ਕਰਕੇ ਸਾਨੂੰ ਰੇਨਵਾਟਰ ਹਾਰਵੈਸਟਿੰਗ ਤਹਿਤ ਇਸ ਪਾਣੀ ਦੇ ਇੱਕ-ਇੱਕ ਤੁਪਕੇ ਨੂੰ ਬਚਾਉਣਾ ਚਾਹੀਦਾ ਹੈ।