2022-11-24 12:24:41 ( ਖ਼ਬਰ ਵਾਲੇ ਬਿਊਰੋ )
ਜਲੰਧਰ (ਅਸ਼ਵਨੀ ਠਾਕੁਰ) ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਵੱਲੋਂ ਵਿਦਿਆਰਥਣਾਂ ਨੂੰ ਉੱਚ ਪੱਧਰੀ ਗਿਆਨ ਅਤੇ ਸਿੱਖਿਆ ਪ੍ਰਦਾਨ ਕਰਕੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਦੇ ਰਹਿਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਵਿਦਿਆਲਾ ਦੀ ਬੀ.ਏ. ਸਮੈਸਟਰ ਪੰਜਵਾਂ ਦੀ ਵਿਦਿਆਰਥਣ ਰੂਹੀ ਧੀਮਾਨ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਏਅਰ ਫੋਰਸ ਕੌਮਨ ਐਡਮਿਸ਼ਨ ਟੈਸਟ ਪਾਸ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਸ ਵਿਸ਼ੇਸ਼ ਸਫਲਤਾ 'ਤੇ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਤੋਂ ਸਨਮਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਰੂਹੀ ਧੀਮਾਨ ਨੇ ਦੇਹਰਾਦੂਨ, ਉਤਰਾਖੰਡ ਵਿਖੇ ਏਅਰ ਫੋਰਸ ਸਿਲੈਕਸ਼ਨ ਬੋਰਡ ਵੱਲੋਂ ਕਰਵਾਈ ਗਈ ਪ੍ਰੀਖਿਆ ਦੇ ਵੱਖ-ਵੱਖ ਪੜਾਵਾਂ ਵਿੱਚ ਆਪਣੀ ਲਗਨ, ਦ੍ਰਿੜ੍ਹ ਇਰਾਦੇ, ਮਿਹਨਤ ਅਤੇ ਸਮਰਪਣ ਦਾ ਸ਼ਾਨਦਾਰ ਪ੍ਰਮਾਣ ਪੇਸ਼ ਕੀਤਾ। ਇਸ ਪੰਜ ਰੋਜ਼ਾ ਚੋਣ ਪ੍ਰਕਿਰਿਆ ਵਿਚ ਰੂਹੀ ਨੇ ਲਿਖਤੀ ਪ੍ਰੀਖਿਆ ਦੇ ਨਾਲ-ਨਾਲ ਇੰਟਰਵਿਊ, ਮਨੋਵਿਗਿਆਨ ਟੈਸਟ, ਗਰਾਊਂਡ ਟੈਸਟ 'ਤੇ ਆਧਾਰਿਤ ਲੜੀ ਆਦਿ ਵਰਗੇ ਕਈ ਅਹਿਮ ਪਹਿਲੂਆਂ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੰਪਿਊਟਰਾਈਜ਼ਡ ਪਾਇਲਟ ਚੋਣ ਪ੍ਰਣਾਲੀ ਨੂੰ ਪਾਸ ਕੀਤਾ ਅਤੇ ਇਸ ਨਾਲ ਉਸ ਦਾ ਨਾਂ ਇੰਡੀਅਨ ਏਅਰ ਫੋਰਸ ਦੀ ਫਲਾਇੰਗ ਬ੍ਰਾਂਚ ਲਈ ਵੀ ਚੁਣਿਆ ਗਿਆ। ਰੂਹੀ ਧੀਮਾਨ ਨੇ ਇਸ ਵਿਸ਼ੇਸ਼ ਸਫਲਤਾ ਲਈ ਮੈਡਮ ਪ੍ਰਿੰਸੀਪਲ ਅਤੇ ਆਪਣੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਵਿੱਚ ਵਿਦਿਆਰਥਣਾਂ ਨੂੰ ਹਮੇਸ਼ਾ ਅਜਿਹਾ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਵਿੱਚ ਉਹ ਨਾ ਸਿਰਫ਼ ਚੰਗੀ ਸਿੱਖਿਆ ਅਤੇ ਗਿਆਨ ਪ੍ਰਾਪਤ ਕਰਕੇ ਆਪਣੀ ਸੋਚ ਸਮਝ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਗੋਂ ਇੱਥੋਂ ਮਿਲਦਾ ਉਤਸ਼ਾਹ ਉਨ੍ਹਾਂ ਲਈ ਲਗਾਤਾਰ ਆਤਮ-ਵਿਸ਼ਵਾਸ ਨਾਲ ਆਪਣੀ ਰੁਚੀ ਆਧਾਰਿਤ ਖੇਤਰ ਵੱਲ ਵਧਣ ਲਈ ਬਹੁਤ ਸਹਾਈ ਸਿੱਧ ਹੁੰਦਾ ਹੈ। ਮੈਡਮ ਪਿ੍ੰਸੀਪਲ ਨੇ ਰੂਹੀ ਨੂੰ ਉਸ ਦੀ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ 'ਚ ਵਿਦਿਆਰਥਣਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਹਮੇਸ਼ਾ ਮਹੱਤਵਪੂਰਨ ਅਤੇ ਉਸਾਰੂ ਕਾਰਜ ਕੀਤੇ ਜਾਂਦੇ ਹਨ ਤਾਂ ਜੋ ਉਹ ਦੇਸ਼ ਦੀ ਸੇਵਾ ਅਤੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਯੋਗਦਾਨ ਪਾਉਣ ਲਈ ਪ੍ਰੇਰਿਤ ਹੋ ਸਕਣ |