2022-11-24 14:38:53 ( ਖ਼ਬਰ ਵਾਲੇ ਬਿਊਰੋ )
ਫਿਲਮੀ ਜਗਤ ਤੇ ਸੰਗੀਤ ਜਗਤ ਤੋਂ ਬੜੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਨੌਜਵਾਨ ਫਿਲਮ ਨਿਰਦੇਸ਼ਕ ਤੇ ਰੇਡੀਓ ਜੌਕੀ ਸੁਖਦੀਪ ਸਿੰਘ ਸੁੱਖੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। 23 ਨਵੰਬਰ ਦੀ ਰਾਤ ਨੂੰ ਜਲੰਧਰ 'ਚ ਹੋਏ ਹਾਦਸੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ 'ਚ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੇਰ ਰਾਤ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦਿਆਂ ਹੀ ਫਿਲਮ ਜਗਤ ਤੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।ਸੁਖਦੀਪ ਸਿੰਘ ਸੁੱਖੀ ਨੇ ਬਤੌਰ ਰੇਡੀਓ ਜੌਕੀ ਕਾਫੀ ਨਾਮਣਾ ਖੱਟਿਆ ਅਤੇ ਇਸ ਦੇ ਨਾਲ ਹੀ ਉਹ ਇੱਕ ਬਹੁਤ ਵਧੀਆ ਅਦਾਕਾਰ ਵੀ ਸੀ। ਕਾਲਜਾਂ ਦੇ ਯੁਵਾ ਮੇਲਿਆਂ, ਸਕਿੱਟ, ਮੋਨੋ ਐਕਟਿੰਗ ਅਤੇ ਹੋਰ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸਨ। ਸੁਖਦੀਪ ਸੁੱਖੀ ਨੇ ਸਾਲ 2018 ਵਿੱਚ ਪੰਜਾਬੀ ਫਿਲਮ 'ਇਸ਼ਕ ਨਾ ਹੋਵੇ ਰੱਬਾ' ਦਾ ਨਿਰਦੇਸ਼ਨ ਕੀਤਾ, ਇਸ ਤੋਂ ਬਾਅਦ ਉਸਨੇ ਬੀਕਾਨੇਰੀ ਫੀਮ ਅਤੇ ਨੋ ਨੋ ਨੋ ਦਾ ਨਿਰਦੇਸ਼ਨ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਵੀ ਕੀਤਾ ਹੈ।