2022-06-24 11:14:44 ( ਖ਼ਬਰ ਵਾਲੇ ਬਿਊਰੋ )
ਮੋਦੀ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਐਲਾਨੀ ਗਈ ਅਗਨੀਪਥ ਯੋਜਨਾ ਸਕੀਮ' ਨੂੰ ਲੈ ਕੇ ਜਿੱਥੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਜਾਰੀ ਹਨ ਉੱਥੇ ਹੀ ਹੁਣ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੀ ਮੋਰਚਾ ਖੋਲ੍ਹਦੇ ਹੋਏ ਕੇਂਦਰ ਦੀ ਸਰਕਾਰ ਦਾ ਵਿਰੋਧ ਕਰ ਰਹੇ ਬੇਰਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਨਿੱਤਰ ਆਇਆ ਹੈ। ਜਿਸ ਦੇ ਚਲਦੇ ਕਈ ਕਿਸਾਨ ਜਥੇਬੰਦੀਆਂ ਵੱਲੋਂ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਉਸੇ ਤਹਿਤ ਅੰਮਿ੍ਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਨੌਜਵਾਨ ਵਿਰੋਧੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਅੱਜ ਪੰਜਾਬ ਭਰ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਅੱਜ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਜਿਲ੍ਹੇ ਵਿੱਚ ਲਗਭਗ 18 ਥਾਵਾਂ ਉਤੇ ਮੋਦੀ ਦੇ ਪੁਤਲੇ ਫੂਕੇ ਗਏ।ਗੋਲਡਨ ਗੇਟ ਵਿਖੇ ਕਿਸਾਨਾਂ, ਮਜਦੂਰਾਂ,ਨੌਜਵਾਨਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਦੇਸ਼ ਭਰ ਦੇ ਸਾਰੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਨ ਤੋ ਬਾਅਦ ਹੁਣ ਫੌਜ ਨੂੰ ਠੇਕੇ ਉੱਤੇ ਦੇਣ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦੇਸ਼ ਦੀ ਸੁਰੱਖਿਆ ਨਾਲ ਵੱਡਾ ਖਿਲਵਾੜ ਹੈ।ਇਹ ਯੋਜਨਾ ਦੇਸ਼ ਦੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਫੌਜ਼ ਵਿੱਚ 4 ਸਾਲ ਨੌਕਰੀ ਕਰਨ ਤੋ ਬਾਅਦ 75% ਨੌਜਵਾਨਾਂ ਨੂੰ ਬੇਰੁਜਗਾਰੀ ਵੱਲ ਧੱਕੇਗੀ।ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਅਗਨੀਪਥ ਯੋਜਨਾ ਕੇਂਦਰ ਸਰਕਾਰ ਵੱਲੋਂ ਚੋਣਾਂ ਦੌਰਾਨ ਦੇਸ਼ ਦੇ ਨੌਜਵਾਨਾਂ ਨੂੰ ਹਰ ਸਾਲ ਲੱਖਾਂ ਨੌਕਰੀਆਂ ਦੇਣ ਦੇ ਕੀਤੇ ਵਾਅਦਿਆਂ ਦੇ ਬਿਲਕੁੱਲ ਉਲਟ ਹੈ।ਅੱਜ ਗੋਲਡਨ ਗੇਟ ਵਿਖੇ ਵਿਸ਼ਾਲ ਇਕੱਠ ਵੱਲੋਂ ਜੈ ਜਵਾਨ, ਜੈ ਕਿਸਾਨ ਦੇ ਨਾਅਰੇ ਮਾਰਦੇ ਹੋਏ ਲੋਕ ਦੋਖੀ ਕੇਂਦਰ ਸਰਕਾਰ ਦਾ ਵੱਡਾ ਪੁਤਲਾ ਫੂਕਿਆ ਗਿਆ ਅਤੇ ਇਹ ਯੋਜਨਾ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ ਗਈ