2022-06-04 21:48:53 ( ਖ਼ਬਰ ਵਾਲੇ ਬਿਊਰੋ )
ਚੰਡੀਗਡ਼੍ਹ, 4 ਜੂਨ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ, ਚੰਡੀਗਡ਼੍ਹ ਵੱਲੋਂ ‘ਲੰਹਿਦੇ ਤੇ ਚਡ਼੍ਹਦੇ ਪੰਜਾਬ ਦੀ ਪੱਤਰਕਾਰੀ ਅਤੇ ਸਾਹਿਤਕ ਸਾਂਝ’ ’ਤੇ ਇੱਥੇ ਕੇਂਦਰੀ ਸਿੰਘ ਸਭਾ 'ਚ ਵਿਚਾਰ ਚਰਚਾ ਕਰਵਾਈ ਗਈ। ਸੈਮੀਨਾਰ ਵਿੱਚ ਵਿਸ਼ਵ ਪੰਜਾਬ ਕਾਨਫਰੰਸ (ਇੰਡੀਅਨ ਚੈਪਟਰ) ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਜੰਡੂ ਤੇ ਜੈ ਸਿੰਘ ਛਿੱਬਰ ਹੁਰਾਂ ਨੇ ਕੀਤੀ।
ਇਸ ਮੌਕੇ ਵੱਖ-ਵੱਖ ਬੁੱਧੀਜੀਵੀਆਂ ਨੇ ਆਪੋ-ਆਪਣੀ ਪਾਕਿਸਤਾਨ ਫੇਰੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਾਲ 1947 ਦੇ ਹੱਲਿਆਂ ਵਿੱਚ ਦੇਸ਼ ਦੀ ਹੀ ਵੰਡ ਨਹੀਂ ਹੋਈ ਬਲਕਿ ਪੰਜਾਬ ਵੰਡਿਆ ਗਿਆ ਹੈ, ਸਾਰੇ ਬੁੱਧੀਜੀਵੀਆਂ ਨੇ ਦੋਵਾਂ ਪੰਜਾਬਾਂ ਨੂੰ ਮੁਡ਼ ਇਕ ਕਰਨ ਲਈ ਜੱਦੋ-ਜਹਿਦ ਕਰਨ ’ਤੇ ਜ਼ੋਰ ਦਿੱਤਾ।
ਇਸ ਮੌਕੇ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਯੂਨੀਅਨ ਵਲੋਂ ਪੱਤਰਕਾਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਸਮਾਗਮ ਸ਼ਾਮਲ ਸਾਰਿਆਂ ਦਾ ਸਵਾਗਤ ਕੀਤਾ।
ਡਾ. ਦੀਪਕ ਮਨਮੋਹਨ ਸਿੰਘ ਨੇ ਪਾਕਿਸਤਾਨ ਫੇਰੀ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉੱਥੇ ਦੇ ਲੋਕਾਂ ਦੇ ਮਨਾਂ ਵਿੱਚ ਚਡ਼੍ਹਦੇ ਪੰਜਾਬੀਆਂ ਵਾਸਤੇ ਮੋਹ ਅਤੇ ਪ੍ਰੇਮ ਨੂੰ ਸਭ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੰਹਿਦੇ ਅਤੇ ਚਡ਼੍ਹਦੇ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋਣ ਵਾਲੀਆਂ ਦੁਰੀਆਂ ਨੂੰ ਖਤਮ ਕਰਨ ਦੀ ਥਾਂ ਹੋਰ ਵਧਾ ਦਿੱਤਾ ਹੈ।
ਜਦੋਂ ਕਿ ਦੋਵਾਂ ਪੰਜਾਬਾਂ ਦੇ ਲੋਕ ਹਾਲੇ ਵੀ ਆਪਸੀ ਭਾਈਚਾਰੇ ਨੂੰ ਮੁਡ਼ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਸੈਮੀਨਾਰ ਚ ਵਿਸ਼ੇ 'ਤੇ ਬੋਲਦਿਆਂ ਜਗਤਾਰ ਸਿੰਘ ਭੁੱਲਰ ਨੇ ਵੀ ਲੰਹਿਦੇ ਪੰਜਾਬ ਦੀ ਫੈਰੀ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਮੂਲਕ ਦੀ ਪੁਲੀਸ ਪਾਕਿਤਾਨ ਜਾਣ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਜਾ ਕੇ ਆਉਣ ਵਾਲਿਆਂ ਨੂੰ ਬਹੁਤ ਮਾਡ਼ੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਸ੍ਰੀ ਭੁੱਲਰ ਨੇ ਕਿਹਾ ਕਿ ਦੋਵਾਂ ਪੰਜਾਬਾਂ ਦੇ ਲੋਕਾਂ ਦੀ ਬੋਲੀ ਇਕ ਹੈ, ਕਈਆਂ ਦੇ ਪਿਛੋਕਡ਼ ਇਕ ਪਿੰਡ ਜਾਂ ਸ਼ਹਿਰ ਨਾਲ ਸਬੰਧਿਤ ਹਨ, ਉਸ ਦੇ ਬਾਵਜੂਦ ਸਾਡੀਆਂ ਸਰਕਾਰਾਂ ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੀਆਂ।
ਇਸ ਮੌਕੇ ਸੁਸ਼ੀਲ ਦੋਸਾਂਝ ਨੇ ਕਿਹਾ ਕਿ ਲੰਹਿਦੇ ਅਤੇ ਚਡ਼੍ਹਦੇ ਪੰਜਾਬ ਦੀ ਪੱਤਰਕਾਰੀ ਅਤੇ ਸਾਹਿਤਕ ਸਾਂਝ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜਦੋਂ ਅਖ਼ਬਾਰਾਂ ਦੇ ਮਾਲਕ ਸੰਪਾਦਕ ਬਣ ਜਾਣ ਤਾਂ ਪੱਤਰਕਾਰੀ ਨਹੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਨੂੰ 75 ਸਾਲ ਹੋ ਗਏ ਹਨ, ਅੱਜ ਵੀ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਮਨਾਂ ਵਿੱਚ ਆਪਸੀ ਵਿਛੋਡ਼ੇ ਦੀ ਟੀਸ ਦਿਖਾਈ ਦਿੰਦੀ ਹੈ। ਪਰ ਕਿਸੇ ਵੀ ਮੀਡੀਆ ਅਦਾਰੇ ਵੱਲੋਂ ਲੋਕਾਂ ਦੀ ਟੀਸ ਨੂੰ ਦਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਲੰਹਿਦੇ ਪੰਜਾਬ ਦੇ ਲੋਕ ਗੁਰਮੁੱਖੀ ਸਿਖਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਪਰ ਚਡ਼੍ਹਦੇ ਪੰਜਾਬ ਦੇ ਲੋਕ ਸ਼ਾਹਮੁਖੀ ਨਹੀਂ ਸਿਖਣਾ ਚਾਹੁੰਦੇ। ਇਸ ਲਈ ਜਿੰਮੇਵਾਰ ਸਾਡੇ ਪੰਜਾਬੀ ਭਾਸ਼ਾ ਦੇ ਵਿਦਵਾਦ ਵੀ ਹਨ, ਜਿਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਵਿੱਚ ਹੋਰਨਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਾਧੂ ਵਰਤੋਂ ਕੀਤੀ ਜਾਂਦੀ ਹੈ। ਸ੍ਰੀ ਦੋਸਾਂਝ ਨੇ ਕਿਹਾ ਕਿ ਭਵਿੱਖ ਵਿੱਚ ਲੰਹਿਦੇ ਅਤੇ ਚਡ਼੍ਹਦੇ ਪੰਜਾਬ ਵਿੱਚ ਆਪਸੀ ਤਾਲਮੇਲ ਲਈ ਵੱਡੇ ਪੱਧਰ ’ਤੇ ਕੰਮ ਕਰਨ ਦੀ ਲੋਡ਼ ਹੈ।
ਸੈਮੀਨਾਰ ਵਿੱਚ ਖੁਸ਼ਹਾਲ ਸਿੰਘ ,ਜਨਰਲ ਸਕੱਤਰ ਬਿੰਦੂ ਸਿੰਘ,ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਸਿੰਘ ਮਲਿਕ , ਗੁਰਉਪਦੇਸ਼ ਭੁੱਲਰ, ਅਜਾਇਬ ਔਜਲਾ,ਐਡਵੋਕੇਟ ਮਨਜੀਤ ਸਿੰਘ ਖਹਿਰਾ , ਨਲਿਨ ਅਚਾਰੀਆ , ਹਰਬੰਸ ਸਿੰਘ ਸੋਢੀ, ਮੇਜਰ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ, ਚੰਡੀਗਡ਼੍ਹ ਇਕਾਈ ਦੇ ਅਹੁਦੇਦਾਰ ਅਤੇ ਅਨਿਲ ਭਾਰਦਵਾਜ , ਜੀਜੀ ਭਾਰਦਵਾਜ , ਪ੍ਰੋ. ਅਵਤਾਰ ਸਿੰਘ, ਡਾ. ਪਿਆਰੇ ਲਾਲ ਗਰਗ, ਹਰਨਾਮ ਸਿੰਘ ਡੱਲਾ, ਜਸਪਾਲ ਸਿੰਘ ਸਿੱਧੂ, ਸਰਬਜੀਤ ਭੱਟੀ, ਮੇਜਰ ਸਿੰਘ, ਸਣੇ ਵੱਡੀ ਗਿਣਤੀ ਵਿੱਚ ਪੱਤਰਕਾਰ ਅਤੇ ਬੁੱਧੀਜੀਵੀ ਹਾਜ਼ਰ ਰਹੇ।