2022-12-01 12:06:25 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 1 ਦਸੰਬਰ (ਭੁਪਿੰਦਰ ਗਿੱਲ) -ਸਥਾਨਕ ਸਰਕਾਰੀ ਕਾਲਜ ਲੜਕੀਆਂ, ਮਾਲੇਰਕੋਟਲਾ ਵਿਖੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਮਾਹ ਮਨਾਉਣ ਦੇ ਸਿਲਸਿਲੇ ਵਿੱਚ ਜਿੱਥੇ ਅਲਾਮਾ ਇਕਬਾਲ ਆਡੀਟੋਰੀਅਮ ਵਿਚ "ਤਰੈ ਭਾਸ਼ਾਈ ਕਵੀ ਦਰਬਾਰ" ਕਰਵਾਇਆ ਗਿਆ, ਉਸਦੇ ਨਾਲ ਹੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਬੜ੍ਹੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪ੍ਰੈਸ ਨਾਲ ਗੱਲ ਕਰਦੇ ਹੋਏ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਵੜੈਚ ਜੀ ਨੇ ਕਿਹਾ ਕਿ ਕਿਤਾਬਾਂ ਸੱਭਿਅਤਾ ਦਾ ਪ੍ਰਤੀਕ ਹਨ ਅਤੇ ਉਨ੍ਹਾਂ ਰਾਹੀਂ ਜਿੱਥੇ ਅਸੀਂ ਜੀਵਨ ਜਾਂਚ ਸਿੱਖਦੇ ਹਾਂ, ਉੱਥੇ ਉੱਚੇ ਮੁਕਾਮ ਵੀ ਹਾਸਲ ਕਰਦੇ ਹਾਂ। ਪ੍ਰਿੰਸੀਪਲ ਡਾ. ਬਰਜਿੰਦਰ ਸਿੰਘ ਟੌਹੜਾ ਨੇ ਕਿਤਾਬਾਂ ਦੇ ਮਹੱਤਵ ਤੇ ਬੋਲਦਿਆਂ ਕਿਹਾ ਕਿ ਕਿਤਾਬਾਂ ਮਨੁੱਖ ਦੇ ਸੱਚੇ ਸਾਥੀ ਹਨ। ਕਾਲਜ ਦੀਆਂ ਵਿਦਿਆਰਥਣਾਂ ਕਵੀ ਦਰਬਾਰ ਵਿੱਚ ਵੀ ਸ਼ਾਮਲ ਹੋਈਆਂ। ਕਵੀ ਦਰਬਾਰ ਵਿੱਚ ਪ੍ਰੋ. ਨਾਸ਼ੀਰ ਨਕਵੀ, ਸ਼੍ਰੀ ਨੂਰ ਮੋਹੰਮਦ ਨੂਰ, ਸ਼੍ਰੀ ਸਰਦਾਰ ਪੰਛੀ, ਸ਼ਬਨਮ, ਮਹਿਕ ਭਾਰਤੀ, ਪ੍ਰੋ ਮੁਹੰਮਦ ਰਫ਼ੀ, ਪ੍ਰੋ. ਅਰਵਿੰਦ ਸੋਹੀ ਅਤੇ ਹੋਰ ਨਾਮੀਂ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ। ਵਿਧਾਇਕ ਸ਼੍ਰੀ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਸਨ ਅਤੇ ਡਾ. ਰਬੀਨਾ ਸ਼ਬਨਮ ਨੇ ਕਵੀ ਦਰਬਾਰ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਜਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਰਣਜੋਧ ਸਿੰਘ, ਪ੍ਰੋ ਕਮਲ ਕਿਸ਼ੋਰ, ਪ੍ਰੋ ਗੁਰਪ੍ਰੀਤ ਕੌਰ ਅਤੇ ਪ੍ਰੋ ਗੁਰਜਿੰਦਰ ਸਿੰਘ ਚਾਹਲ ਮੌਜੂਦ ਰਹੇ।