2023-11-20 18:30:10 ( ਖ਼ਬਰ ਵਾਲੇ ਬਿਊਰੋ )
ਮਾਲੇਰਕੋਟਲਾ 20 ਨਵੰਬਰ (ਭੁਪਿੰਦਰ ਗਿੱਲ) - ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਠੋਸ ਯਤਨਾਂ ਦੇ ਸਾਰਥਕ ਨਤੀਜੇ ਸਾਹਮਣੇ ਆਉਣੇ ਸਰੂ ਹੋ ਗਏ ਹਨ । ਪਿਛਲੇ ਦੋ ਦਿਨਾਂ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਗਿਰਾਵਟ ਆਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੋਰਟਲ ਤੇ ਪਿਛਲੇ ਸਾਲ ਮਿਤੀ 19 ਨਵੰਬਰ ਤੱਕ ਕਰੀਬ 668 ਘਟਨਾਵਾਂ ਅੱਗ ਲਗਾਉਣ ਦੀਆਂ ਏ.ਟੀ.ਆਰ ਤੇ ਦਰਜ ਹੋਇਆ ਸਨ ਜਦੋਂ ਕਿ ਅੱਜ ਤੱਕ ਪਿਛਲੇ ਸਾਲ ਨਾਲੋਂ 266 ਘੱਟ ਮਾਮਲੇ ਸਾਹਮਣੇ ਆਏ ਹਨ ਭਾਵ ਏ.ਟੀ.ਆਰ ਤੇ 402 ਮਾਮਲੇ ਦਰਜ ਹੋਏ ਹਨ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਕਿਹਾ ਇਹ ਸਭ ਕਿਸਾਨਾਂ ਦੇ ਸਹਿਯੋਗ ਅਤੇ ਫ਼ੀਲਡ ਵਿੱਚ ਤਾਇਨਾਤ ਅਧਿਕਾਰੀਆਂ ਦੀ ਅਣਥੱਕ ਜਾਗਰੂਕ ਅਭਿਆਨ ਨਾਲ ਸੰਭਵ ਹੋਇਆ ਹੈ। ਦੱਸਣਯੋਗ ਹੈ ਕਿ ਸੂਬੇ ਵਿੱਚ ਐਤਵਾਰ ਅਤੇ ਸ਼ਨੀਵਾਰ ਨੂੰ ਪਰਾਲੀ ਸਾੜਨ ਦੇ ਕ੍ਰਮਵਾਰ 03 ਅਤੇ 08 ਮਾਮਲੇ ਦਰਜ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਪੂਰਨ ਰੋਕ ਨੂੰ ਯਕੀਨੀ ਬਣਾਉਣ ਸਬੰਧੀ ਜ਼ਿਲ੍ਹਾ ਵਿੱਚ ਦਫ਼ਾ 144 ਅਧੀਨ ਹੁਕਮ ਜਾਰੀ ਪਹਿਲਾ ਹੀ ਕੀਤੇ ਗਏ ਸਨ ਤਾਂ ਜੋ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾ ਕੇ ਅੱਗਸਣੀ ਦੀਆਂ ਘਟਨਾਵਾਂ ਜ਼ਿਲ੍ਹੇ ਵਿੱਚ ਜ਼ੀਰੋ ਕੀਤਾ ਜਾ ਸਕੇ । ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਰੁੱਧ ਕਾਰਵਾਈ ਦੀ ਨਿਗਰਾਨੀ ਉਹ ਖ਼ੁਦ ਹਰ ਰੋਜ਼ ਸਵੇਰੇ ਵਰਚੂਅਲ ਮਾਧਿਅਮ ਨਾਲ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ, ਪੁਲਿਸ ਪ੍ਰਸ਼ਾਸਨ, ਫ਼ੀਲਡ ਵਿੱਚ ਤਾਇਨਾਤ ਕਲੱਸਟਰ ਅਫ਼ਸਰ , ਨੋਡਲ ਅਫ਼ਸਰ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨਾਲ ਕਰ ਰਹੇ ਹਨ ਤਾਂ ਜੋ ਕਿਸੇ ਕਿਸਮ ਦੀ ਅਨੁਤਾਈ ਨਾ ਰਹੇ । ਇਸ ਤੋਂ ਇਲਾਵਾ ਉਨ੍ਹਾਂ ਅਤੇ ਉਨ੍ਹਾਂ ਦੀਆਂ ਫ਼ੀਲਡ ਟੀਮਾਂ ਵੱਲੋਂ ਲਗਾਤਾਰ ਬਿਨਾਂ ਕਿਸੇ ਛੁੱਟੀ ਦੇ ਲਗਾਤਾਰ ਕਿਸਾਨਾਂ ਨੂੰ ਪਰਾਲੀ ਨੂੰ ਅੱਗਾ ਨਾ ਲਗਾ ਕੇ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਆਧੁਨਿਕ ਮਸ਼ੀਨਰੀ ਦੇ ਉਪਯੋਗ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਆਈ ਇਸ ਗਿਰਾਵਟ ਨੂੰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਖ਼ਤਰਾ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਮਾਲੇਰਕੋਟਲਾ ਵਿਖੇ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਨਿਗਰਾਨੀ ਰੱਖਣ ਲਈ 25 ਕਲੱਸਟਰ ਅਫ਼ਸਰ 192 ਨੋਡਲ ਅਫ਼ਸਰ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਪਰਾਲੀ ਸਾੜਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਹੁਣ ਤੱਕ ਪੁਲਿਸ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ 21 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਜਦਕਿ 11 ਮਾਮਲਿਆਂ ਵਿੱਚ 25 ਹਜ਼ਾਰ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਸਬੰਧੀ ਜ਼ਿਲ੍ਹੇ ਵਿੱਚ ਕਰੀਬ 52 ਸੈਮੀਨਾਰ,ਕਰੀਬ 40 ਕਿਸਾਨਾਂ ਨਾਲ ਵਿਸ਼ੇਸ਼ ਜਾਗਰੂਕਤਾ ਮੀਟਿੰਗਾਂ ਅਤੇ 10 ਸਕੂਲਾਂ ਅਤੇ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾ ਚੁੱਕੇ ਹਨ ਤਾਂ ਜੋ ਅਵਾਮ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋ ਅਵਗਤ ਕਰਵਾਇਆ ਜਾ ਸਕੇ ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਾਲੇਰਕੋਟਲਾ ਵੱਲੋਂ ਜ਼ਿਲ੍ਹੇ ਵਿੱਚ ਕਰੀਬ 41 ਕਿਸਾਨਾਂ ਸਿਖਲਾਈ ਕਮ ਜਾਗਰੂਕਤਾ ਕੈਪ,06 ਸਕੂਲਾਂ ਵਿੱਚ ਸੈਮੀਨਾਰ,105 ਵਾਲ ਪੇਂਟਿੰਗਾਂ, ਦੋ ਜਾਗਰੂਕਤਾ ਵੈਨਾਂ ਰਾਹੀਂ ਪਰਾਲੀ ਪ੍ਰਬੰਧਨ ਸਬੰਧੀ ਪ੍ਰਚਾਰ, ਕਰੀਬ 52 ਨੁੱਕੜ ਮੀਟਿੰਗਾਂ ਕਰਕੇ ਪਰਾਲੀ ਪ੍ਰਬੰਧਨ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਅਤੇ ਉਪਲਬਧਤਾ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਵਾਇਆ ਗਿਆ । ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਕੈਪ ਦਾ ਆਯੋਜਨ ਕਰਕੇ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਅੱਗ ਨਹੀਂ ਲਗਾਇਆ ਉਨ੍ਹਾਂ ਦਾ ਸਨਮਾਨ ਵੀ ਕੀਤਾ ਅਤੇ ਆਸਾ ਵਰਕਰਾਂ ਲਈ ਦੋ ਵਿਸ਼ੇਸ਼ ਸਿਖਲਾਈ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਵੀ ਕੀਤਾ ਗਿਆ ਅਤੇ ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਵੱਲੋਂ 49 ਸਹਿਕਾਰੀ ਸਭਾਵਾਂ ਵਿੱਚ ਵਿਸ਼ੇਸ਼ ਸਿਖਲਾਈ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਬਿਨਾਂ ਅੱਗ ਲਗਾਏ ਆਧੁਨਿਕ ਮਸ਼ੀਨਰੀ ਨਾਲ ਪਰਾਲੀ ਪ੍ਰਬੰਧਨ ਕਰ ਸਕਣ । ਇਨ੍ਹਾਂ ਸਭ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸਹਿਯੋਗ ਦੇਣ ਅਤੇ ਫ਼ਸਲੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨੂੰ ਸਾੜਨ ਨਾਲ ਨਾ ਸਿਰਫ਼ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਬਲਕਿ ਬੱਚਿਆਂ ਅਤੇ ਧਰਤੀ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ।