2023-09-22 16:14:46 ( ਖ਼ਬਰ ਵਾਲੇ ਬਿਊਰੋ )
ਇਕ ਪਾਸੇ, ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ 'ਚ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਅਤੇ ਦੁੱਜੇ ਪਾਸੇ, ਖਾਲਿਸਤਾਨੀਆਂ ਤੇ ਪਾਕਿਸਤਾਨੀਆਂ ਦੇ ਗਠਜੋੜ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੈਨੇਡਾ ਵਿੱਚ 25 ਸਤੰਬਰ ਨੂੰ ਖਾਲਿਸਤਾਨੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਨੂੰ ਸਫਲ ਬਣਾਉਣ ਵਿੱਚ ਆਈ.ਐਸ.ਆਈ ਮਦਦ ਕਰ ਰਹੀ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ ਆਈ.ਐਸ.ਆਈ ਵੱਲੋਂ ਕੈਨੇਡਾ ਵਿੱਚ ਰਹਿੰਦੇ ਪਾਕਿਸਤਾਨੀਆਂ ਨੂੰ ਓਟਾਵਾ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਸਥਿਤ ਭਾਰਤੀ ਕੌਂਸਲੇਟਾਂ ਦੇ ਸਾਹਮਣੇ ਖਾਲਿਸਤਾਨੀਆਂ ਦੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਕਿਹਾ ਗਿਆ ਹੈ।
ਇੰਨਾ ਹੀ ਨਹੀਂ ਇਹ ਵੀ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਆਈ.ਐਸ.ਆਈ ਏਜੰਟ ਭਾਰਤ ਦੇ ਖਿਲਾਫ ਭੜਕਾਊ ਪੋਸਟਰ ਅਤੇ ਬੈਨਰ ਤਿਆਰ ਕਰਨ ਵਿੱਚ ਖਾਲਿਸਤਾਨੀਆਂ ਦੀ ਮਦਦ ਕਰ ਰਹੇ ਹਨ।
ਦੱਸ ਦਈਏ ਕਿ, ਭਾਰਤ ਅਤੇ ਕੈਨੇਡਾ ਦੇ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਪਹਿਲਾਂ ਭਾਰਤ ਕੈਨੇਡਾ 'ਚ ਵੀਜ਼ਾ ਸਰਵਿਸਜ਼ ਨੂੰ ਸਸਪੈਂਡ ਕਰ ਦਿੱਤਾ ਅਤੇ ਬਾਅਦ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਕੈਨੇਡਾ ਅੱਤਵਾਦੀਆਂ ਲਈ ਇੱਕ ਅੱਡਾ ਬਣਦਾ ਜਾ ਰਿਹਾ ਹੈ। ਇੰਨਾ ਹੀ ਨਹੀਂ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਵੱਲੋਂ ਹੁਣ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕਾਰਵਾਈ ਗਈ ਹੈ ਜਦਕਿ ਉਨ੍ਹਾਂ ਵੱਲੋਂ ਕੈਨੇਡਾ ਨੂੰ ਅੱਤਵਾਦੀਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ।