2023-09-21 14:30:04 ( ਖ਼ਬਰ ਵਾਲੇ ਬਿਊਰੋ )
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਕੁਝ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਮਤਲੌਦਾ ਥਾਣਾ ਖੇਤਰ ਦੇ ਇਕ ਪਿੰਡ 'ਚ ਸਥਿਤ ਡੇਰੇ ਅਤੇ ਮੱਛੀ ਫਾਰਮ ਹਾਊਸ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ।
ਹਥਿਆਰਾਂ ਦੇ ਜ਼ੋਰ 'ਤੇ ਬਦਮਾਸ਼ਾਂ ਨੇ ਰਾਤ ਸਮੇਂ ਇਕ ਪਿੰਡ 'ਚ ਖੇਤਾਂ 'ਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਕੀਤੀ, ਉਹਨਾਂ ਦੇ ਪੈਸੇ ਖੋਹ ਲਏ, ਪਰਿਵਾਰ ਦੇ ਮਰਦਾਂ ਅਤੇ ਬੱਚਿਆਂ ਨੂੰ ਬੰਧਕ ਬਣਾ ਲਿਆ ਅਤੇ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ।
ਪੀੜਤ ਪਰਿਵਾਰ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਿੰਡ ਤੋਂ ਦੂਰ ਇੱਕ ਡੇਰੇ ਵਿੱਚ ਰਹਿੰਦੇ ਹਨ। ਰਾਤ ਕਰੀਬ 1 ਵਜੇ ਚਾਰ ਨਕਾਬਪੋਸ਼ ਨੌਜਵਾਨ ਉਨ੍ਹਾਂ ਦੇ ਟੈਂਟ ਵਿੱਚ ਦਾਖ਼ਲ ਹੋਏ ਜਿਹਨਾਂ ਕੋਲ ਚਾਕੂ ਅਤੇ ਪਿਸਤੌਲ ਸੀ। ਉਨ੍ਹਾਂ ਹਥਿਆਰਾਂ ਦੇ ਜ਼ੋਰ ਨਾਲ ਪਰਿਵਾਰ ਦੇ ਤਿੰਨ ਪੁਰਖਾਂ ਅਤੇ ਬੰਦਿਆਂ ਦੇ ਹੱਥ-ਪੈਰ ਬੰਨ੍ਹ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ।
ਇਸ ਤੋਂ ਬਾਅਦ ਔਰਤਾਂ ਨੂੰ ਜ਼ਬਰਦਸਤੀ ਘਸੀਟ ਕੇ ਵਰਾਂਡੇ ਵਿੱਚ ਲੈ ਗਏ। ਚਾਰਾਂ ਨੇ ਹਥਿਆਰਾਂ ਦੀ ਮਦਦ ਨਾਲ ਰਾਤ ਭਰ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ। ਰੌਲਾ ਪਾਉਣ 'ਤੇ ਪਿਸਤੌਲ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਹਨਾਂ ਵੱਲੋਂ ਘਰ ਵਿੱਚ ਰੱਖੀ ਨਕਦੀ ਵੀ ਲੁੱਟ ਲਈ ਗਈ।
ਸਵੇਰੇ ਔਰਤ ਵੱਲੋਂ ਕਿਸਾਨ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਕਿਸਾਨ ਵੱਲੋਂ ਮੌਕੇ 'ਤੇ ਪਹੁੰਚ ਬੰਧਕ ਪਰਿਵਾਰ ਨੂੰ ਕਮਰੇ 'ਚੋਂ ਬਾਹਰ ਕੱਢਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਇੰਸਪੈਕਟਰ ਵਿਜੇ ਅਤੇ ਡੀਐਸਪੀ ਕ੍ਰਿਸ਼ਨ ਕੁਮਾਰ ਮੌਕੇ ’ਤੇ ਪੁੱਜੇ। ਪੁਲਿਸ ਵੱਲੋਂ ਮਹਿਲਾ ਨੂੰ ਇਲਾਜ ਲਈ ਪਾਣੀਪਤ ਦੇ ਜਨਰਲ ਹਸਪਤਾਲ ਲੈ ਜਾਇਆ ਗਿਆ। ਐਫਐਸਐਲ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਜਾਂਚ ਜਾਰੀ ਹੈ।