2023-09-20 13:32:33 ( ਖ਼ਬਰ ਵਾਲੇ ਬਿਊਰੋ )
ਚੰਡੀਗੜ੍ਹ - ਪੰਜਾਬ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। 26 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਤੇ ਕੌਂਸਲ ਚੇਅਰਮੈਨ ਅਮਿਤ ਸ਼ਾਹ ਕਰਨਗੇ। ਮੀਟਿੰਗ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਚੰਡੀਗੜ੍ਹ, ਜੰਮੂ- ਕਸ਼ਮੀਰ ਅਤੇ ਲੱਦਾਖ ਦੇ ਮੁੱਖ ਮੰਤਰੀ ਅਤੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਵਿੱਚ ਹਿਮਾਚਲ ਪ੍ਰਦੇਸ਼ ਵੱਲੋਂ ਹਾਈਡਰੋ ਪ੍ਰਾਜੈਕਟਾਂ ’ਤੇ ਸੈੱਸ ਲਾਉਣ ਦਾ ਮੁੱਦਾ ਉੱਠਣਾ ਤੈਅ ਹੈ। ਇਸ ਸੈੱਸ ਨੂੰ ਲਗਾਉਣ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਇਲਾਵਾ ਸੂਬਾ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਰਾਜਸਥਾਨ ਵੱਲੋਂ ਪਾਣੀ ਲੈਣ ਤੋਂ ਇਨਕਾਰ ਕਰਨ ਨੂੰ ਵੀ ਮੀਟਿੰਗ ਵਿੱਚ ਮੁੱਦਾ ਬਣਾ ਸਕਦਾ ਹੈ। ਪੰਜਾਬ ਜੁਲਾਈ ਵਿਚ ਅਚਾਨਕ ਹੜ੍ਹਾਂ ਨਾਲ ਜੂਝ ਰਿਹਾ ਸੀ, ਜਦੋਂ ਰਾਜਸਥਾਨ ਨੇ ਰਾਜਸਥਾਨ ਫੀਡਰ (18,000 ਕਿਊਸਿਕ) ਤੋਂ ਪੂਰੀ ਸਮਰੱਥਾ 'ਤੇ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਿਰਫ 1,500 ਕਿਊਸਿਕ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਮੀਟਿੰਗ 'ਚ ਪੰਜਾਬ ਚੰਡੀਗੜ੍ਹ 'ਤੇ ਵੀ ਆਪਣਾ ਦਾਅਵਾ ਪੇਸ਼ ਕਰੇਗਾ।
ਇਸ ਦੇ ਨਾਲ ਹੀ ਮੀਟਿੰਗ ਦੇ ਮੱਦੇਨਜ਼ਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 20 ਤੋਂ 23 ਸਤੰਬਰ ਤੱਕ ਸਰਹੱਦੀ ਖੇਤਰਾਂ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਜ਼ੋਨ ਕੌਂਸਲ ਦੀ ਆਖਰੀ ਮੀਟਿੰਗ 9 ਨਵੰਬਰ, 2022 ਨੂੰ ਜੈਪੁਰ ਵਿੱਚ ਹੋਈ ਸੀ।